ਮਲਾਵੀ ਦੇ ਰਾਸ਼ਟਰਪਤੀ ਨੂੰ ਮਿਲੇ ਰਾਸ਼ਟਰਪਤੀ ਮੁਰਮੂ, ਦੁਵੱਲੇ ਸਬੰਧ ਮਜ਼ਬੂਤ ਕਰਨ ''ਤੇ ਹੋਈ ਚਰਚਾ

Friday, Oct 18, 2024 - 08:53 PM (IST)

ਮਲਾਵੀ ਦੇ ਰਾਸ਼ਟਰਪਤੀ ਨੂੰ ਮਿਲੇ ਰਾਸ਼ਟਰਪਤੀ ਮੁਰਮੂ, ਦੁਵੱਲੇ ਸਬੰਧ ਮਜ਼ਬੂਤ ਕਰਨ ''ਤੇ ਹੋਈ ਚਰਚਾ

ਲਿਲੋਂਗਵੇ (ਮਾਲਾਵੀ) : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਇੱਥੇ ਮਲਾਵੀਆ ਦੇ ਰਾਸ਼ਟਰਪਤੀ ਲਾਜ਼ਰਸ ਮੈਕਕਾਰਥੀ ਚੱਕਵੇਰਾ ਨਾਲ ਮੁਲਾਕਾਤ ਕੀਤੀ ਤੇ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ 'ਤੇ 'ਸਾਰਥਕ' ਚਰਚਾ ਕੀਤੀ। ਮੁਰਮੂ ਅਫਰੀਕਾ ਦੇ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਪੜਾਅ 'ਤੇ ਵੀਰਵਾਰ ਨੂੰ ਮਲਾਵੀ ਪਹੁੰਚੀ। ਉਨ੍ਹਾਂ ਦੀ ਮੌਜੂਦਗੀ ਵਿੱਚ ਕਲਾ ਅਤੇ ਸੱਭਿਆਚਾਰ, ਖੇਡਾਂ ਅਤੇ ਫਾਰਮਾਸਿਊਟੀਕਲ ਸਹਿਯੋਗ ਸਮੇਤ ਕਈ ਖੇਤਰਾਂ ਵਿੱਚ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ। ਮੀਟਿੰਗ ਲਿਲੋਂਗਵੇ ਦੇ ਸਟੇਟ ਹਾਊਸ 'ਚ ਹੋਈ।

ਰਾਸ਼ਟਰਪਤੀ ਦਫਤਰ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਦੋਵਾਂ ਨੇਤਾਵਾਂ ਨੇ ਭਾਰਤ-ਮਾਲਾਵੀ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਕਈ ਮੁੱਦਿਆਂ 'ਤੇ ਫਲਦਾਇਕ ਵਿਚਾਰ ਵਟਾਂਦਰਾ ਕੀਤਾ। ਉਹ ਮਨੁੱਖੀ ਸਹਾਇਤਾ ਲਈ 1000 ਮੀਟ੍ਰਿਕ ਟਨ ਚੌਲ ਤੇ ਸਿਹਤ ਸਹਿਯੋਗ ਦੇ ਹਿੱਸੇ ਵਜੋਂ ਮਲਾਵੀ ਨੂੰ ਕੈਂਸਰ ਦੇ ਇਲਾਜ ਦੀਆਂ ਮਸ਼ੀਨਾਂ ਸੌਂਪੀਆਂ ਜਾਣ ਦੀ ਸਾਕਸ਼ੀ ਬਣੀ। ਰਾਸ਼ਟਰਪਤੀ ਨੇ ਮਲਾਵੀ ਵਿੱਚ ਇੱਕ ਸਥਾਈ 'ਨਕਲੀ ਅੰਗ ਫਿਟਮੈਂਟ ਸੈਂਟਰ' ਸਥਾਪਤ ਕਰਨ ਵਿੱਚ ਭਾਰਤ ਸਰਕਾਰ ਦੇ ਸਮਰਥਨ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਮੁਰਮੂ ਨੇ ਇੱਥੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕੀਤਾ ਅਤੇ ਭਾਰਤੀ ਸੈਨਿਕਾਂ ਸਮੇਤ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਉਹ ਇਸ ਅਫਰੀਕੀ ਦੇਸ਼ ਦਾ ਦੌਰਾ ਕਰਨ ਵਾਲੀ ਪਹਿਲੀ ਭਾਰਤੀ ਰਾਜ ਮੁਖੀ ਹੈ।

ਰਾਸ਼ਟਰਪਤੀ ਦਫਤਰ ਨੇ 'ਐਕਸ' 'ਤੇ ਇਕ ਪੋਸਟ 'ਚ ਇਹ ਜਾਣਕਾਰੀ ਦਿੱਤੀ। ਮੁਰਮੂ ਨੇ ਮਲਾਵੀ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਹੇਸਟਿੰਗਜ਼ ਕਾਮੁਜ਼ੂ ਬਾਂਡਾ ਦੀ ਕਬਰ 'ਤੇ ਵੀ ਫੁੱਲਮਾਲਾਵਾਂ ਚੜ੍ਹਾਈਆਂ। ਉਨ੍ਹਾਂ ਨੇ ਵੀਰਵਾਰ ਨੂੰ ਇੱਥੇ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਦੋਹਾਂ ਦੇਸ਼ਾਂ ਵਿਚਾਲੇ ਇਕ ਕੜੀ ਦੱਸਿਆ। ਰਾਸ਼ਟਰਪਤੀ ਨੇ ਭਾਰਤ-ਮਾਲਾਵੀ ਉੱਦਮੀ ਸੰਮੇਲਨ ਨੂੰ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਖੇਤੀਬਾੜੀ, ਖਣਨ, ਊਰਜਾ ਅਤੇ ਸੈਰ-ਸਪਾਟਾ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਦੀਆਂ ਅਪਾਰ ਸੰਭਾਵਨਾਵਾਂ ਹਨ। ਉਪ ਰਾਸ਼ਟਰਪਤੀ ਮਾਈਕਲ ਉਸੀ ਨੇ ਮੁਰਮੂ ਦਾ ਇੱਥੇ ਕਾਮੁਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਸਵਾਗਤ ਕੀਤਾ। ਰਾਸ਼ਟਰਪਤੀ ਅਲਜੀਰੀਆ ਅਤੇ ਮੌਰੀਤਾਨੀਆ ਦੇ ਸਫਲ ਦੌਰਿਆਂ ਤੋਂ ਬਾਅਦ ਇੱਥੇ ਪਹੁੰਚੇ, ਜਿੱਥੇ ਉਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ ਵਧਾਉਣ ਲਈ ਆਪਣੇ ਹਮਰੁਤਬਾ ਨਾਲ ਗੱਲਬਾਤ ਕੀਤੀ।


author

Baljit Singh

Content Editor

Related News