ਪਾਕਿਸਤਾਨ ''ਚ ਮਸ਼ਹੂਰ ਮਨੁੱਖੀ ਅਧਿਕਾਰ ਵਕੀਲ ਇਮਾਨ ਮਜ਼ਾਰੀ ਅਤੇ ਉਸ ਦੇ ਪਤੀ ਨੂੰ ਹੋਈ 17-17 ਸਾਲ ਦੀ ਸਜ਼ਾ
Sunday, Jan 25, 2026 - 05:21 PM (IST)
ਇਸਲਾਮਾਬਾਦ (ਏਜੰਸੀ): ਪਾਕਿਸਤਾਨ ਦੀ ਅਦਾਲਤ ਨੇ ਦੇਸ਼ ਦੀ ਉੱਘੀ ਮਨੁੱਖੀ ਅਧਿਕਾਰ ਵਕੀਲ ਇਮਾਨ ਜ਼ੈਨਬ ਮਜ਼ਾਰੀ-ਹਾਜ਼ਿਰ ਅਤੇ ਉਨ੍ਹਾਂ ਦੇ ਪਤੀ ਹਾਦੀ ਅਲੀ ਚੱਠਾ ਨੂੰ ਸੋਸ਼ਲ ਮੀਡੀਆ ਪੋਸਟਾਂ ਦੇ ਮਾਮਲੇ ਵਿੱਚ 17-17 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਫੈਸਲੇ ਨੇ ਪਾਕਿਸਤਾਨੀ ਨਿਆਂਪ੍ਰਣਾਲੀ ਅਤੇ ਸਰਕਾਰ ਵਿਰੁੱਧ ਦੇਸ਼ ਭਰ ਦੇ ਵਕੀਲਾਂ ਵਿੱਚ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਸੋਸ਼ਲ ਮੀਡੀਆ ਪੋਸਟਾਂ ਬਣੀਆਂ ਗੁਨਾਹ
ਇਹ ਮਾਮਲਾ ਅਗਸਤ 2025 ਵਿੱਚ 'ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ' (NCCIA) ਵੱਲੋਂ ਦਰਜ ਕੀਤਾ ਗਿਆ ਸੀ। ਇਮਾਨ ਮਜ਼ਾਰੀ 'ਤੇ ਦੋਸ਼ ਲਾਇਆ ਗਿਆ ਸੀ ਕਿ ਉਹ ਸੋਸ਼ਲ ਮੀਡੀਆ ਰਾਹੀਂ ਅਜਿਹੇ ਬਿਰਤਾਂਤ ਦਾ ਪ੍ਰਚਾਰ ਕਰ ਰਹੇ ਹਨ ਜੋ 'ਦੁਸ਼ਮਣ ਅੱਤਵਾਦੀ ਸਮੂਹਾਂ' ਦੇ ਹੱਕ ਵਿੱਚ ਹਨ। ਉਨ੍ਹਾਂ ਦੇ ਪਤੀ ਹਾਦੀ ਅਲੀ ਨੂੰ ਪਤਨੀ ਦੀਆਂ ਪੋਸਟਾਂ ਨੂੰ 'ਰੀ-ਪੋਸਟ' ਕਰਨ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ ਹੈ।
ਅਦਾਲਤ 'ਚ ਹੰਗਾਮਾ: "ਸਾਨੂੰ ਤਸੀਹੇ ਦਿੱਤੇ ਜਾ ਰਹੇ ਹਨ"
ਸਜ਼ਾ ਸੁਣਾਏ ਜਾਣ ਵੇਲੇ ਜਦੋਂ ਦੋਵੇਂ ਮੁਲਜ਼ਮ ਅਡਿਆਲਾ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਪੇਸ਼ ਹੋਏ, ਤਾਂ ਇਮਾਨ ਮਜ਼ਾਰੀ ਨੇ ਅਦਾਲਤੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਮੀਡੀਆ ਨੂੰ ਅਦਾਲਤ ਵਿੱਚ ਕਿਉਂ ਨਹੀਂ ਆਉਣ ਦਿੱਤਾ ਗਿਆ? ਉਨ੍ਹਾਂ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ, "ਸਾਨੂੰ ਜੇਲ੍ਹ ਵਿੱਚ ਤਸੀਹੇ ਦਿੱਤੇ ਜਾ ਰਹੇ ਹਨ, ਸਾਨੂੰ ਖਾਣਾ-ਪੀਣਾ ਤੱਕ ਨਹੀਂ ਦਿੱਤਾ ਜਾ ਰਿਹਾ।" ਇਸ ਤੋਂ ਬਾਅਦ ਜੱਜ ਮੁਹੰਮਦ ਅਫਜ਼ਲ ਮਜੋਕਾ ਨੇ ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ਹੀ ਸਜ਼ਾ ਦਾ ਐਲਾਨ ਕਰ ਦਿੱਤਾ।
