ਚੀਨ ''ਚ ਵੱਡੀ ਕਾਰਵਾਈ: ਰਾਸ਼ਟਰਪਤੀ ਜਿਨਪਿੰਗ ਦੇ ਹੁਕਮਾਂ ''ਤੇ 11 ਅਪਰਾਧੀਆਂ ਨੂੰ ਦਿੱਤੀ ਗਈ ਫਾਂਸੀ
Thursday, Jan 29, 2026 - 11:13 PM (IST)
ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਭ੍ਰਿਸ਼ਟਾਚਾਰ ਅਤੇ ਅਪਰਾਧ ਵਿਰੁੱਧ ਚਲਾਈ ਗਈ 'ਜ਼ੀਰੋ ਟੋਲਰੈਂਸ' ਮੁਹਿੰਮ ਤਹਿਤ ਵੀਰਵਾਰ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ 11 ਅਪਰਾਧੀਆਂ ਨੂੰ ਫਾਂਸੀ ਦੇ ਦਿੱਤੇ ਜਾਣ ਦੀ ਖ਼ਬਰ ਹੈ। ਇਹ ਸਾਰੇ ਮੁਲਜ਼ਮ ਮਿਆਂਮਾਰ ਵਿੱਚ ਚੱਲ ਰਹੇ ਆਨਲਾਈਨ ਸਕੈਮ (Online Fraud) ਅਤੇ ਹੋਰ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਸਨ, ਜਿਸ ਕਾਰਨ ਚੀਨ ਦੇ ਸਰਕਾਰੀ ਮਹਿਕਮਿਆਂ ਅਤੇ ਫੌਜ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ ਹੈ।
ਕੌਣ ਸਨ ਫਾਂਸੀ ਚੜ੍ਹਨ ਵਾਲੇ ਇਹ 11 ਲੋਕ?
ਪ੍ਰਾਪਤ ਜਾਣਕਾਰੀ ਅਨੁਸਾਰ, ਫਾਂਸੀ ਦਿੱਤੇ ਗਏ ਇਹ ਲੋਕ ਮਿਆਂਮਾਰ ਦੇ ਉੱਤਰੀ ਇਲਾਕਿਆਂ ਵਿੱਚ ਸਰਗਰਮ 'ਮਿੰਗ ਫੈਮਿਲੀ ਕ੍ਰਿਮੀਨਲ ਗਰੁੱਪ' ਦੇ ਮੁੱਖ ਮੈਂਬਰ ਸਨ। ਇਹ ਗਰੁੱਪ ਸਾਲ 2015 ਤੋਂ ਸਰਹੱਦ ਪਾਰ ਟੈਲੀਕਾਮ ਫਰਾਡ, ਗੈਰ-ਕਾਨੂੰਨੀ ਜੂਆ, ਕਤਲ ਅਤੇ ਅਗਵਾ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਇਨ੍ਹਾਂ ਦੇ ਅਪਰਾਧਾਂ ਕਾਰਨ ਘੱਟੋ-ਘੱਟ 14 ਚੀਨੀ ਨਾਗਰਿਕਾਂ ਦੀ ਮੌਤ ਹੋਈ ਸੀ ਅਤੇ ਕਈ ਹੋਰ ਜ਼ਖਮੀ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਮਿਆਂਮਾਰ ਵਿੱਚ ਅਰਬਾਂ ਡਾਲਰ ਦੇ ਨਾਜਾਇਜ਼ 'ਸਕੈਮ ਕੰਪਾਊਂਡ' ਚਲਾ ਰਹੇ ਸਨ।
ਅਦਾਲਤ ਨੇ ਸੁਣਾਈ ਸੀ ਮੌਤ ਦੀ ਸਜ਼ਾ
ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਸਤੰਬਰ 2025 ਵਿੱਚ ਵੇਨਝੋਉ ਦੀ ਇੱਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਸੁਪਰੀਮ ਪੀਪਲਜ਼ ਕੋਰਟ ਬੀਜਿੰਗ ਵੱਲੋਂ ਇਨ੍ਹਾਂ ਦੀਆਂ ਅਪੀਲਾਂ ਖਾਰਜ ਕੀਤੇ ਜਾਣ ਤੋਂ ਬਾਅਦ ਸਜ਼ਾ ਨੂੰ ਅੰਤਿਮ ਪ੍ਰਵਾਨਗੀ ਦਿੱਤੀ ਗਈ। ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਇਨ੍ਹਾਂ ਅਪਰਾਧੀਆਂ ਨੂੰ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਮਿਲਣ ਦੀ ਇਜਾਜ਼ਤ ਵੀ ਦਿੱਤੀ ਗਈ ਸੀ।
