ਵਿਕਟੋਰੀਆ ਮਬੋਕੋ ਆਸਟ੍ਰੇਲੀਆਈ ਖੁੱਲ੍ਹੇ ਟੈਨਿਸ ਮੁਕਾਬਲੇ ਦੇ ਤੀਜੇ ਦੌਰ ''ਚ ਵੀ ਹੋਈ ਕਾਮਯਾਬ
Wednesday, Jan 21, 2026 - 07:37 PM (IST)
ਵੈਨਕੂਵਰ, (ਮਲਕੀਤ ਸਿੰਘ)– ਕੈਨੇਡਾ ਦੀ ਉਭਰਦੀ ਟੈਨਿਸ ਖਿਡਾਰਨ ਵਿਕਟੋਰੀਆ ਮਬੋਕੋ ਨੇ ਮੈਲਬੋਰਨ ਸ਼ਹਿਰ ਵਿੱਚ ਚੱਲ ਰਹੇ ਆਸਟ੍ਰੇਲੀਆਈ ਖੁੱਲ੍ਹੇ ਟੈਨਿਸ ਮੁਕਾਬਲੇ ਵਿੱਚ ਸ਼ਾਨਦਾਰ ਖੇਡ ਦਿਖਾਉਂਦਿਆਂ ਮਹਿਲਾ ਸਿੰਗਲਜ਼ ਦੇ ਤੀਜੇ ਦੌਰ ਲਈ ਯੋਗਤਾ ਹਾਸਲ ਕਰ ਲਈ ਹੈ। ਕੈਨੇਡਾ ਦੇ ਮਹਾਨਗਰ ਟੋਰਾਂਟੋ ਨਾਲ ਸੰਬੰਧਿਤ ਮਬੋਕੋ ਨੇ ਦੂਜੇ ਦੌਰ ਦੇ ਮੈਚ ਵਿੱਚ ਅਮਰੀਕਾ ਦੀ ਕੈਟੀ ਮੈਕਨੈਲੀ ਨੂੰ 4-6, 3-6 ਦੇ ਅੰਕਾਂ ਨਾਲ ਹਰਾ ਕੇ ਕਾਮਯਾਬੀ ਹਾਸਲ ਕੀਤੀ
ਮੁਕਾਬਲੇ ਦੌਰਾਨ ਮਬੋਕੋ ਨੇ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਦਿਆਂ ਸ਼ੁਰੂ ਤੋਂ ਹੀ ਬੜਤ ਬਣਾਈ ਰੱਖੀ। ਉਸਦੀ ਲਗਾਤਾਰ ਦਬਾਅ ਬਣਾਉਣ ਵਾਲੀ ਰਣਨੀਤੀ ਦੇ ਅੱਗੇ ਵਿਰੋਧੀ ਖਿਡਾਰਨ ਅੰਤ ਤੱਕ ਟਿਕ ਨਾ ਸਕੀ।
ਇਸੇ ਦੌਰਾਨ ਕੈਨੇਡਾ ਦੀ ਇੱਕ ਹੋਰ ਤਜਰਬੇਕਾਰ ਟੈਨਿਸ ਖਿਡਾਰਨ ਗੈਬਰੀਏਲਾ ਡਾਬਰੋਵਸਕੀ ਨੇ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿੱਚ ਜਿੱਤ ਦਰਜ ਕਰਦਿਆਂ ਅਗਲੇ ਪੜਾਅ ਵੱਲ ਕਦਮ ਵਧਾਉਣ ਵਿੱਚ ਵੀ ਅਹਿਮ ਕਾਮਯਾਬੀ ਹਾਸਿਲ ਕੀਤੀ ਹੈ। ਕੈਨੇਡਾ ਦੇ ਖੇਡ ਪ੍ਰੇਮੀਆਂ 'ਚ ਇਸ ਜਿੱਤ ਨੂੰ ਲੈ ਕੇ ਖੁਸ਼ੀ ਦਾ ਆਲਮ ਵੇਖਿਆ ਜਾ ਰਿਹਾ ਹੈ।
