ਰਿਹਾਇਸ਼ੀ ਇਲਾਕੇ ''ਤੇ ਜਾ ਡਿੱਗਾ ਜਹਾਜ਼, ਕਈ ਘਰ ਸੜ ਕੇ ਸੁਆਹ : ਦੇਖੋ ਤਸਵੀਰਾਂ
Thursday, May 22, 2025 - 07:50 PM (IST)

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਸੈਨ ਡਿਏਗੋ 'ਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਹੋ ਗਿਆ। ਜਾਣਕਾਰੀ ਮੁਤਾਬਕ, ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਕਾਰਨ ਲਗਭਗ 15 ਘਰਾਂ ਨੂੰ ਅੱਗ ਲੱਗ ਗਈ। ਹਾਦਸੇ ਵਾਲੀ ਥਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
ਸਥਾਨਕ ਅਧਿਕਾਰੀਆਂ ਅਨੁਸਾਰ ਸੈਨ ਡਿਏਗੋ 'ਚ ਇੱਕ ਛੋਟਾ ਜਹਾਜ਼ ਅਸਮਾਨ ਵਿੱਚ ਉੱਡ ਰਿਹਾ ਸੀ। ਧੁੰਦ ਦੇ ਮੌਸਮ ਕਾਰਨ ਜਹਾਜ਼ ਅਚਾਨਕ ਕਰੈਸ਼ ਹੋ ਗਿਆ ਅਤੇ ਅਸਮਾਨ ਤੋਂ ਸਿੱਧਾ ਰਿਹਾਇਸ਼ੀ ਖੇਤਰ ਵਿੱਚ ਸਥਿਤ ਘਰਾਂ ਦੇ ਉੱਪਰ ਡਿੱਗ ਪਿਆ। ਜਹਾਜ਼ ਦੇ ਧਮਾਕੇ ਹੁੰਦਿਆਂ ਹੀ ਘਰਾਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਨੇ 15 ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਫਾਇਰ ਵਿਭਾਗ ਦੇ ਇੱਕ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਹਾਦਸੇ ਤੋਂ ਬਾਅਦ ਜੈੱਟ ਫਿਊਲ ਚਾਰੇ ਪਾਸੇ ਫੈਲ ਗਿਆ। ਜਹਾਜ਼ ਹਾਦਸੇ ਵਿੱਚ ਅਜੇ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਕਿਹਾ ਕਿ ਸੇਸਨਾ 550 ਜਹਾਜ਼ ਮੋਂਟਗੋਮਰੀ-ਗਿਬਸ ਐਗਜ਼ੀਕਿਊਟਿਵ ਹਵਾਈ ਅੱਡੇ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।
ਐੱਫਏਏ ਨੇ ਕਿਹਾ ਕਿ ਅਜੇ ਇਹ ਪਤਾ ਨਹੀਂ ਹੈ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਇਹ ਜਹਾਜ਼ 6 ਤੋਂ 8 ਲੋਕਾਂ ਨੂੰ ਲਿਜਾ ਸਕਦਾ ਹੈ।
ਇਹ ਘਟਨਾ ਤੜਕੇ 3:47 ਵਜੇ ਦੇ ਕਰੀਬ ਸੈਲਮਨ ਸਟਰੀਟ ਦੇ 3100 ਬਲਾਕ ਵਿੱਚ ਟਿਏਰਾਸਾਂਟਾ ਨੇੜੇ ਵਾਪਰੀ, ਜੋ ਕਿ ਇੱਕ ਫੌਜੀ ਰਿਹਾਇਸ਼ੀ ਖੇਤਰ ਹੈ। ਸੈਨ ਡਿਏਗੋ ਫਾਇਰ-ਰਿਸਕਿਊ ਡਿਵੀਜ਼ਨ ਦੇ ਮੁਖੀ ਡੈਨ ਐਡੀ ਦੇ ਅਨੁਸਾਰ, ਘਟਨਾ ਸਥਾਨ ਤੋਂ ਅਜੇ ਤੱਕ ਕਿਸੇ ਨੂੰ ਵੀ ਹਸਪਤਾਲ ਨਹੀਂ ਲਿਜਾਇਆ ਗਿਆ ਹੈ।
ਕਈ ਘਰ ਅਤੇ ਵਾਹਨ ਅੱਗ ਦੀ ਲਪੇਟ ਵਿੱਚ ਆ ਗਏ। ਡੈਨ ਐਡੀ ਨੇ ਕਿਹਾ ਕਿ ਸਾਡੇ ਕੋਲ ਇੱਕ ਹਾਜ਼ਮੈਟ ਦੀ ਟੀਮ ਹੈ। ਅਸੀਂ ਜ਼ਰੂਰੀ ਸਰੋਤਾਂ ਦੀ ਮੰਗ ਕੀਤੀ ਹੈ। ਅਸੀਂ ਫੌਜ ਨਾਲ ਵੀ ਕੰਮ ਕਰ ਰਹੇ ਹਾਂ। ਸਾਡਾ ਪਹਿਲਾ ਟੀਚਾ ਇਹ ਹੈ ਕਿ ਸਾਰੇ ਘਰ ਖਾਲੀ ਹੋਣ ਅਤੇ ਕੋਈ ਵੀ ਅੰਦਰ ਨਾ ਫਸੇ। ਇਸ ਤੋਂ ਬਾਅਦ ਅਸੀਂ ਗੱਡੀਆਂ ਅਤੇ ਫਿਰ ਜਹਾਜ਼ ਦੀ ਤਲਾਸ਼ੀ ਲਵਾਂਗੇ।