ਰੂਸ-ਯੂਕਰੇਨ ਸ਼ਾਂਤੀ ਵਾਰਤਾ ਬਿਨਾਂ ਕਿਸੇ ਨਤੀਜੇ ਦੇ ਖਤਮ, ਜੇਲੇਂਸਕੀ ਨੇ ਟਰੰਪ ''ਤੇ ਕੱਢੀ ਭੜਾਸ
Wednesday, Feb 18, 2026 - 06:24 PM (IST)
ਜਿਨੇਵਾ: ਸਵਿਟਜ਼ਰਲੈਂਡ ਦੇ ਜਿਨੇਵਾ ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਸ਼ਾਂਤੀ ਵਾਰਤਾ ਬੁੱਧਵਾਰ ਨੂੰ ਅਚਾਨਕ ਬਿਨਾਂ ਕਿਸੇ ਵੱਡੇ ਨਤੀਜੇ ਦੇ ਖਤਮ ਹੋ ਗਈ। ਇਸ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਗੱਲਬਾਤ ਨੂੰ ਬੇਹੱਦ ਮੁਸ਼ਕਲ ਅਤੇ ਤਣਾਅਪੂਰਨ ਦੱਸਦਿਆਂ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ-ਨਾਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਵੱਈਏ 'ਤੇ ਵੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਟਰੰਪ ਦੇ ਦਬਾਅ ਤੋਂ ਨਾਰਾਜ਼ ਹਨ ਜੇਲੇਂਸਕੀ
ਜੇਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ 'ਠੀਕ ਗੱਲ ਨਹੀਂ' ਹੈ ਕਿ ਟਰੰਪ ਜਨਤਕ ਤੌਰ 'ਤੇ ਸਿਰਫ਼ ਯੂਕਰੇਨ ਨੂੰ ਹੀ ਰਿਆਇਤਾਂ ਦੇਣ ਲਈ ਕਹਿ ਰਹੇ ਹਨ, ਜਦਕਿ ਰੂਸ 'ਤੇ ਅਜਿਹਾ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਸ਼ਾਂਤੀ ਯੋਜਨਾ ਵਿੱਚ ਯੂਕਰੇਨ ਤੋਂ ਉਹ ਇਲਾਕੇ ਛੱਡਣ ਦੀ ਮੰਗ ਕੀਤੀ ਗਈ ਜੋ ਅਜੇ ਰੂਸ ਦੇ ਕਬਜ਼ੇ ਵਿੱਚ ਨਹੀਂ ਹਨ ਤਾਂ ਯੂਕਰੇਨ ਦੀ ਜਨਤਾ ਜਨਮਤ ਸੰਗ੍ਰਹਿ (Referendum) ਰਾਹੀਂ ਅਜਿਹੀ ਕਿਸੇ ਵੀ ਤਜਵੀਜ਼ ਨੂੰ ਰੱਦ ਕਰ ਦੇਵੇਗੀ।
ਰੂਸ 'ਤੇ ਲੱਗੇ ਗੱਲਬਾਤ ਨੂੰ ਲਮਕਾਉਣ ਦੇ ਦੋਸ਼
ਯੂਕਰੇਨ ਦੇ ਰਾਸ਼ਟਰਪਤੀ ਨੇ ਰੂਸ 'ਤੇ ਦੋਸ਼ ਲਾਇਆ ਕਿ ਉਹ ਚਾਰ ਸਾਲਾਂ ਤੋਂ ਚੱਲ ਰਹੀ ਇਸ ਜੰਗ ਨੂੰ ਖਤਮ ਕਰਨ ਦੀ ਬਜਾਏ ਸਮਝੌਤੇ ਦੀ ਪ੍ਰਕਿਰਿਆ ਨੂੰ ਜਾਣਬੁੱਝ ਕੇ ਲੰਬਾ ਖਿੱਚ ਰਿਹਾ ਹੈ। ਰੂਸ ਦੇ ਮੁੱਖ ਵਾਰਤਾਕਾਰ ਵਲਾਦੀਮੀਰ ਮੇਡਿੰਸਕੀ ਨੇ ਕਿਹਾ ਕਿ ਅਗਲੀ ਗੱਲਬਾਤ ਜਲਦੀ ਹੋਵੇਗੀ, ਹਾਲਾਂਕਿ ਅਜੇ ਤੱਕ ਕੋਈ ਤਾਰੀਖ ਤੈਅ ਨਹੀਂ ਕੀਤੀ ਗਈ ਹੈ।
ਅਹਿਮ ਮੁੱਦਿਆਂ 'ਤੇ ਹਾਲੇ ਵੀ ਬਰਕਰਾਰ ਹੈ ਅਸਹਿਮਤੀ
ਇਹ ਵਾਰਤਾ ਅਮਰੀਕਾ ਦੀ ਵਿਚੋਲਗੀ ਹੇਠ ਹੋਈ ਸੀ, ਪਰ ਦੋਵੇਂ ਧਿਰਾਂ ਪੂਰਬੀ ਯੂਕਰੇਨ ਦੇ ਇਲਾਕਿਆਂ 'ਤੇ ਕੰਟਰੋਲ ਵਰਗੇ ਅਹਿਮ ਮੁੱਦਿਆਂ 'ਤੇ ਹਾਲੇ ਵੀ ਇੱਕ-ਦੂਜੇ ਤੋਂ ਕਾਫ਼ੀ ਦੂਰ ਹਨ। ਜ਼ਿਕਰਯੋਗ ਹੈ ਕਿ ਰੂਸ ਨੇ ਇਸ ਵੇਲੇ ਯੂਕਰੇਨ ਦੇ ਲਗਭਗ 20 ਫੀਸਦੀ ਹਿੱਸੇ 'ਤੇ ਕਬਜ਼ਾ ਕੀਤਾ ਹੋਇਆ ਹੈ। ਰੂਸੀ ਹਵਾਈ ਹਮਲਿਆਂ ਕਾਰਨ ਯੂਕਰੇਨ ਦਾ ਊਰਜਾ ਢਾਂਚਾ ਬੁਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ, ਜਿਸ ਕਾਰਨ ਲੱਖਾਂ ਲੋਕ ਕੜਾਕੇ ਦੀ ਸਰਦੀ ਵਿੱਚ ਬਿਨਾਂ ਬਿਜਲੀ ਅਤੇ ਹੀਟਿੰਗ ਦੇ ਰਹਿਣ ਲਈ ਮਜਬੂਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
