ਈਰਾਨ ''ਤੇ ਹਮਲੇ ਦੀ ਤਿਆਰੀ: ਮੱਧ ਪੂਰਬ ''ਚ ਦੂਜਾ ਜੰਗੀ ਬੇੜਾ ਭੇਜੇਗਾ ਪੈਂਟਾਗਨ

Thursday, Feb 12, 2026 - 01:38 AM (IST)

ਈਰਾਨ ''ਤੇ ਹਮਲੇ ਦੀ ਤਿਆਰੀ: ਮੱਧ ਪੂਰਬ ''ਚ ਦੂਜਾ ਜੰਗੀ ਬੇੜਾ ਭੇਜੇਗਾ ਪੈਂਟਾਗਨ

ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਦਰਮਿਆਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਦੂਜੇ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ (ਜੰਗੀ ਬੇੜੇ) ਨੂੰ ਮੱਧ ਪੂਰਬ ਵਿੱਚ ਤਾਇਨਾਤ ਹੋਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਹ ਕਦਮ ਈਰਾਨ 'ਤੇ ਸੰਭਾਵਿਤ ਫੌਜੀ ਹਮਲੇ ਦੀਆਂ ਤਿਆਰੀਆਂ ਵਜੋਂ ਦੇਖਿਆ ਜਾ ਰਿਹਾ ਹੈ।

ਟਰੰਪ ਨੇ ਦਿੱਤੀ ਚਿਤਾਵਨੀ 
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਸੰਕੇਤ ਦਿੱਤੇ ਸਨ ਕਿ ਜੇਕਰ ਈਰਾਨ ਨਾਲ ਗੱਲਬਾਤ ਅਸਫਲ ਰਹਿੰਦੀ ਹੈ, ਤਾਂ ਉਹ ਫੌਜੀ ਕਾਰਵਾਈ ਦੀ ਤਿਆਰੀ ਵਜੋਂ ਮੱਧ ਪੂਰਬ ਵਿੱਚ ਇੱਕ ਹੋਰ ਜੰਗੀ ਬੇੜਾ ਭੇਜਣ 'ਤੇ ਵਿਚਾਰ ਕਰ ਰਹੇ ਹਨ। ਅਮਰੀਕੀ ਅਧਿਕਾਰੀਆਂ ਅਨੁਸਾਰ, ਇਸ ਤਾਇਨਾਤੀ ਦਾ ਅਧਿਕਾਰਤ ਹੁਕਮ ਅਗਲੇ ਕੁਝ ਘੰਟਿਆਂ ਵਿੱਚ ਜਾਰੀ ਕੀਤਾ ਜਾ ਸਕਦਾ ਹੈ।

ਕਿਹੜਾ ਜੰਗੀ ਬੇੜਾ ਹੋਵੇਗਾ ਰਵਾਨਾ? 
ਜੇਕਰ ਤਾਇਨਾਤੀ ਦੇ ਹੁਕਮ ਮਿਲਦੇ ਹਨ, ਤਾਂ ਇਹ ਨਵਾਂ ਜੰਗੀ ਬੇੜਾ 'ਯੂਐਸਐਸ ਅਬਰਾਹਮ ਲਿੰਕਨ' (USS Abraham Lincoln) ਨਾਲ ਜਾ ਕੇ ਮਿਲੇਗਾ, ਜੋ ਪਹਿਲਾਂ ਹੀ ਉਸ ਖੇਤਰ ਵਿੱਚ ਮੌਜੂਦ ਹੈ। ਸੂਤਰਾਂ ਅਨੁਸਾਰ, ਪੈਂਟਾਗਨ 'ਯੂਐਸਐਸ ਜਾਰਜ ਐਚ.ਡਬਲਿਊ. ਬੁਸ਼' (USS George H.W. Bush) ਨੂੰ ਦੋ ਹਫ਼ਤਿਆਂ ਦੇ ਅੰਦਰ ਰਵਾਨਾ ਕਰਨ ਦੀ ਤਿਆਰੀ ਕਰ ਰਿਹਾ ਹੈ, ਜੋ ਇਸ ਵੇਲੇ ਵਰਜੀਨੀਆ ਦੇ ਤਟ 'ਤੇ ਸਿਖਲਾਈ ਅਭਿਆਸ ਪੂਰਾ ਕਰ ਰਿਹਾ ਹੈ।

ਗੱਲਬਾਤ ਫੇਲ ਹੋਣ ਦਾ ਡਰ 
ਅਮਰੀਕੀ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਈਰਾਨ 'ਤੇ ਦਬਾਅ ਬਣਾਉਣ ਲਈ ਫੌਜੀ ਤਿਆਰੀ ਜ਼ਰੂਰੀ ਹੈ। ਹਾਲਾਂਕਿ, ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਰਾਸ਼ਟਰਪਤੀ ਵੱਲੋਂ ਕੋਈ ਅੰਤਿਮ ਹੁਕਮ ਨਹੀਂ ਦਿੱਤਾ ਗਿਆ ਅਤੇ ਸਥਿਤੀ ਅਨੁਸਾਰ ਯੋਜਨਾਵਾਂ ਵਿੱਚ ਬਦਲਾਅ ਵੀ ਹੋ ਸਕਦਾ ਹੈ।

ਦੱਸਣਯੋਗ ਹੈ ਕਿ ਮੱਧ ਪੂਰਬ ਵਿੱਚ ਅਮਰੀਕਾ ਦੀ ਇਸ ਵਧਦੀ ਫੌਜੀ ਸਰਗਰਮੀ ਨੇ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਖੇਤਰ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।
 


author

Inder Prajapati

Content Editor

Related News