ਆਸਟ੍ਰੇਲੀਅਨ ਔਰਤ ਵੱਲੋਂ ਖਰੀਦੇ ਪੀਜ਼ੇ ''ਚੋਂ ਨਿਕਲੀ ਸਟੀਲ ਦੀ ਤਾਰ

01/05/2018 10:25:43 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਕੁਈਨਜ਼ਲੈਂਡ ਦੇ ਸ਼ਹਿਰ ਗੋਲਡ ਕੋਸਟ ਵਿਚ ਇਕ ਔਰਤ ਵੱਲੋਂ ਆਰਡਰ ਕੀਤੇ ਗਏ ਕੋਲੇਸ ਫਰੋਜ਼ਨ ਪੀਜ਼ਾ ਬੇਸ ਵਿਚ ਤਾਰ ਦਾ ਇਕ ਟੁੱਕੜਾ ਨਿਕਲਿਆ ਹੈ। ਇਸ ਮਗਰੋਂ ਉਹ ਔਰਤ ਬਹੁਤ ਗੁੱਸੇ ਵਿਚ ਹੈ। ਹੀਥਰ ਜੂਡਸਨ ਨੇ ਕੋਲੇਸ ਫੇਸਬੁੱਕ 'ਤੇ ਇਸ ਸੰਬੰਧੀ ਰਿਪੋਰਟ ਕੀਤੀ ਹੈ। ਹੀਥਰ ਮੁਤਾਬਕ ਜਦੋਂ ਉਸਨੇ ਮੰਗਲਵਾਰ ਨੂੰ ਇਹ ਪੀਜ਼ਾ ਖਰੀਦਿਆ ਤਾਂ ਉਸ ਨੇ ਇਸ ਪੀਜ਼ੇ ਦੇ ਬੇਸ 'ਤੇ ਹਰੇ ਰੰਗ ਦਾ ਨਿਸ਼ਾਨ ਦੇਖਿਆ ਸੀ। ਹੀਥਰ ਮੁਤਾਬਕ,''ਸ਼ੁਰੂਆਤ ਵਿਚ ਮੈਂ ਬਹੁਤ ਨਿਰਾਸ਼ ਸੀ ਕਿਉਂਕਿ ਇਸ ਦਾ ਰੰਗ ਬਦਲ ਚੁੱਕਾ ਸੀ। ਮੇਰੇ ਵਿਚਾਰ ਨਾਲ ਰੰਗ ਬਦਲਣ ਦਾ ਕਾਰਨ ਇਹ ਸੀ ਕਿ ਇਸ ਪੀਜ਼ੇ ਦੀ ਮਿਆਦ ਸਿਰਫ ਮਾਰਚ 2018 ਤੱਕ ਦੀ ਸੀ।'' ਹੀਥਰ ਨੇ ਅੱਗੇ ਲਿਖਿਆ ਕਿ ਨਜ਼ਦੀਕੀ ਪਰੀਖਣ ਮਗਰੋਂ ਉਸ ਨੂੰ ਪਤਾ ਲੱਗਾ ਕਿ ਹਰੇ ਰੰਗ ਦਾ ਕਾਰਨ ਇਸ ਦੇ ਬੇਸ ਵਿਚ ਇਕ ਵੱਡੀ ਸਟੀਲ ਦੇ ਤਾਰ ਦਾ ਟੁੱਕੜਾ ਹੋਣਾ ਸੀ। ਉਸ ਨੇ ਲਿਖਿਆ ਕਿ ਜੇ ਕੋਈ ਇਸ ਪੀਜ਼ੇ ਨੂੰ ਖਾ ਲੈਂਦਾ ਤਾਂ ਉਸ ਨੂੰ ਸਿਹਤ ਸੰਬੰਧੀ ਸਮੱਸਿਆ ਹੋ ਸਕਦੀ ਸੀ।
ਹੀਥਰ ਦੀ ਇਸ ਪੋਸਟ ਦੇ ਜਵਾਬ ਵਿਚ ਕੋਲੇਸ ਨੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਸੰਬੰਧੀ ਹੋਰ ਵੇਰਵੇ ਦੀ ਮੰਗ ਕੀਤੀ। ਕੋਲੇਸ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਗਾਹਕ ਦੇ ਸੰਪਰਕ ਵਿਚ ਹਾਂ ਅਤੇ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਅਸੀਂ ਸਪਲਾਇਰ ਕੋਲੋਂ ਵੀ ਪੁੱਛ-ਗਿੱਛ ਕਰ ਰਹੇ ਹਾਂ।


Related News