ਕਣਕ ਦੀਆਂ ਬੋਰੀਆਂ 'ਚੋਂ ਨਿਕਲੀ ਘਾਹ-ਫੂਸ, ਟਰੱਕਾਂ 'ਚ ਲੱਦ ਵਾਪਸ ਆਇਆ ਮਾਲ

Thursday, Apr 25, 2024 - 12:23 AM (IST)

ਸੰਗਰੂਰ (ਸਿੰਗਲਾ)- ਵੱਖ-ਵੱਖ ਅਨਾਜ ਮੰਡੀਆਂ ’ਚੋਂ ਖਰੀਦ ਕੀਤੀ ਕਣਕ ਦੀਆਂ ਬੋਰੀਆਂ ਨੂੰ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ’ਚ ਭੇਜਣ ਲਈ ਮਾਲ ਗੱਡੀਆਂ ’ਚ ਲੱਦਣ ਸਮੇਂ ਕਣਕ ਦੀ ਥਾਂ ਝਾਰ ਫੂਸ ਨਿਕਲਣ ਅਤੇ ਘੱਟ ਵਜ਼ਨ ਦੀਆਂ ਬੋਰੀਆਂ ਭਰ ਕੇ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਜਦੋਂ ਅਨਾਜ ਮੰਡੀਆਂ ’ਚੋਂ ਕਣਕ ਦੀਆਂ ਬੋਰੀਆਂ ਟਰੱਕਾਂ ਰਾਹੀਂ ਲੱਦ ਕੇ ਮਾਲ ਗੱਡੀ ਰਾਹੀਂ ਦੂਜੀਆਂ ਸਟੇਟਾਂ ’ਚ ਭੇਜੀਆਂ ਜਾ ਰਹੀਆਂ ਸਨ ਤਾਂ ਲੇਬਰ ਨੂੰ ਮੌਕੇ ’ਤੇ ਕਣਕ ਦੀਆਂ ਬੋਰੀਆਂ ਦਾ ਵਜ਼ਨ ਘੱਟ ਲੱਗਣ ’ਤੇ ਉਨ੍ਹਾਂ ਵੱਲੋਂ ਇਹ ਮਾਮਲਾ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਅਧਿਕਾਰੀਆਂ ਵੱਲੋਂ ਇਨ੍ਹਾਂ ਬੋਰੀਆਂ ਦੀ ਚੈਕਿੰਗ ਕੀਤੀ ਗਈ ਜਿਸ ’ਚ ਅਨਾਜ ਮੰਡੀਆਂ ’ਚੋਂ ਭੇਜੇ ਗਈਆਂ ਇਹ ਕਣਕ ਦੀਆਂ ਬੋਰੀਆਂ ’ਚ ਕਣਕ ਦੀ ਥਾਂ ਫੂਸ ਤੂੜੀ ਆਦਿ ਭਰਿਆ ਹੋਇਆ ਸੀ।

ਇਸ ਮਾਮਲੇ ਸਬੰਧੀ ਮੌਕੇ ’ਤੇ ਪੁੱਜੇ ਅਧਿਕਾਰੀਆਂ ਵੱਲੋਂ ਮਾਲ ਗੱਡੀ ’ਚ ਲੋਡ ਕੀਤੀਆਂ ਇਹ ਕਣਕ ਦੀਆਂ ਬੋਰੀਆਂ ਨੂੰ ਮੁੜ ਟਰੱਕਾਂ ਰਾਹੀਂ ਵਾਪਸ ਵੱਖ-ਵੱਖ ਮੰਡੀਆਂ ’ਚ ਭੇਜਿਆ ਗਿਆ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਜਲੰਧਰ ਹਲਕੇ ਦੇ ਉਮੀਦਵਾਰਾਂ 'ਚੋਂ ਕੇ.ਪੀ. ਸਭ ਤੋਂ ਵੱਡੇ, ਪਰ ਤਜਰਬੇ ਦੇ ਹਿਸਾਬ ਨਾਲ ਚਰਨਜੀਤ ਚੰਨੀ ਸਭ ਤੋਂ 'ਸੀਨੀਅਰ'

ਇਸ ਸਬੰਧੀ ਰਜੇਸ਼ ਬਾਂਸਲ ਇੰਸਪੈਕਟਰ ਪਨਗ੍ਰੇਨ ਇੰਚਾਰਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ 7 ਮੰਡੀਆਂ ’ਚੋਂ ਸਿੱਧੀ ਸਪੈਸ਼ਲ ਭਰਤੀ ਕੀਤੀ ਜਾ ਰਹੀ ਸੀ। ਇਸ ਸਬੰਧੀ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਕਿ ਬੋਰੀਆਂ ’ਚ ਫੂਸ ਭਰ ਕੇ ਭੇਜਿਆ ਜਾ ਰਿਹਾ ਹੈ ਤਾਂ ਜਦੋਂ ਟਰੱਕਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਅਨਾਜ ਮੰਡੀ ਸੰਗਰੂਰ ਤੋਂ ਟਰੱਕ ਭਰ ਕੇ ਭੇਜੇ ਗਏ ਹਨ, ਇਨ੍ਹਾਂ ਟਰੱਕਾਂ ਨੂੰ ਵਾਪਸ ਮੰਗਵਾ ਕੇ ਸਬੰਧਤ ਆੜ੍ਹਤੀਆਂ ਪਾਸ ਭੇਜ ਦਿੱਤਾ ਗਿਆ। ਇਸ ਮਾਮਲੇ ਸਬੰਧੀ ਆੜ੍ਹਤੀਏ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆ ਚੁੱਕਿਆ ਹੈ ਅਤੇ ਇਸ ਸਬੰਧੀ ਇਕ ਟੀਮ ਗਠਿਤ ਕੀਤੀ ਗਈ ਹੈ। ਮਾਮਲੇ ਦੀ ਪੜਤਾਲ ਕਰਵਾ ਕੇ ਸਬੰਧਤ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਵੱਡੀ ਖ਼ਬਰ- ਪੰਜਾਬ ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਬਿਕਰਮਜੀਤ ਚੌਧਰੀ ਨੂੰ ਕੀਤਾ ਸਸਪੈਂਡ

ਸਮਾਜ ਸੇਵੀ ਆਗੂ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਇਸ ਮਾਮਲੇ ਸਬੰਧੀ ਜਦੋਂ ਨਸ਼ਿਆਂ ਦੇ ਖਿਲਾਫ਼ ਜੰਗ ਲੜਨ ਵਾਲੇ ਬਲਵਿੰਦਰ ਸਿੰਘ ਸੇਖੋਂ ਸਾਬਕਾ ਡੀ.ਐੱਸ.ਪੀ. ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਬੋਰੀਆਂ ਦਾ ਵਜ਼ਨ ਵੀ ਚੈੱਕ ਕਰਵਾਇਆ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਸਬੰਧਤ ਸਾਰੇ ਵਿਅਕਤੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ’ਚ ਵੀ ਇਹ ਲੋਕ ਇਸ ਤਰ੍ਹਾਂ ਦੀ ਕਾਰਵਾਈ ਨਾ ਕਰ ਸਕਣ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News