ਰਨਵੇਅ 'ਤੇ ਲੈਂਡ ਕਰਦੇ ਸਮੇਂ ਝੀਲ 'ਚ ਡਿੱਗਿਆ ਜਹਾਜ਼ (ਤਸਵੀਰਾਂ)
Friday, Sep 28, 2018 - 01:45 PM (IST)

ਵੇਲਿੰਗਟਨ (ਭਾਸ਼ਾ)— ਪ੍ਰਸ਼ਾਂਤ ਮਹਾਸਾਗਰ ਦੇ ਤੱਟ 'ਤੇ ਸਥਿਤ ਪਾਪੂਆ ਨਿਊ ਗਿਨੀ ਵਿਚ ਸ਼ੁੱਕਰਵਾਰ ਨੂੰ ਇਕ ਜਹਾਜ਼ ਲੈਡਿੰਗ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ। ਮਾਈਕ੍ਰੋਨੇਸ਼ੀਅਨ ਟਾਪੂ 'ਤੇ ਏਅਰ ਨਿਗੁਨੀ ਦਾ ਬੋਇੰਗ 737-80 ਲੈਂਡ ਕਰਦੇ ਸਮੇਂ ਬੇਕਾਬੂ ਹੋ ਗਿਆ ਅਤੇ ਰਨਵੇਅ ਤੋਂ ਅੱਗੇ ਨਿਕਲਦੇ ਹੋਇਆ ਇਕ ਝੀਲ ਵਿਚ ਡਿੱਗ ਪਿਆ।
ਸਥਾਨਕ ਮੀਡੀਆ ਮੁਤਾਬਕ ਜਹਾਜ਼ ਦੇਖਦੇ ਹੀ ਦੇਖਦੇ ਰਨਵੇਅ ਤੋਂ ਕਰੀਬ 160 ਮੀਟਰ ਅੱਗੇ ਸਮੁੰਦਰ ਵਿਚ ਦਾਖਲ ਹੋ ਗਿਆ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਵਿਚ ਹਵਾਈ ਅੱਡੇ ਦੇ ਅਧਿਕਾਰੀ ਜਿੰਮੀ ਐਮਿਲੀਓ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਏਅਰ ਨਿਊਗਿਨੀ ਜਹਾਜ਼ ਵੇਨੋ ਹਵਾਈ ਅੱਡੇ 'ਤੇ ਲੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਹ ਚੁਕ ਝੀਲ ਵਿਚ ਡਿੱਗ ਪਿਆ।
ਐਮਿਲੀਓ ਨੇ ਦੱਸਿਆ ਕਿ ਸਾਰੇ 36 ਯਾਤਰੀ ਅਤੇ ਚਾਲਕ ਦਲ ਦੇ 11 ਮੈਂਬਰ ਸੁਰੱਖਿਅਤ ਹਨ ਅਤੇ ਕਿਸੇ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ। ਭਾਵੇਂਕਿ ਉਨ੍ਹਾਂ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਚੱਲ ਪਾਇਆ ਹੈ।
ਟਵਿੱਟਰ 'ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਵਿਚ ਸਥਾਨਕ ਲੋਕ ਯਾਤਰੀਆਂ ਨੂੰ ਕਿਸ਼ਤੀ ਜ਼ਰੀਏ ਕੱਢਦੇ ਦੇਖੇ ਜਾ ਸਕਦੇ ਹਨ। ਇੱਥੇ ਦੱਸਣਯੋਗ ਹੈ ਕਿ ਏਅਰ ਨਿਗੁਨੀ ਪਾਪੂਆ ਨਿਊ ਗਿਨੀ ਦੀ ਕੌਮੀ ਜਹਾਜ਼ ਸੇਵਾ ਹੈ।