ਪੰਜਾਬ ‘ਚ ਰੇਲ ਰੋਕੋ ਅੰਦੋਲਨ ਮੁਲਤਵੀ, ਕਿਸਾਨਾਂ ਤੇ ਸਰਕਾਰ ਵਿਚਾਲੇ ਕਈ ਮੁੱਦਿਆਂ ’ਤੇ ਬਣੀ ਸਹਿਮਤੀ
Sunday, Dec 21, 2025 - 07:28 AM (IST)
ਚੰਡੀਗੜ੍ਹ (ਅੰਕੁਰ)- ਕਿਸਾਨ-ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਵੱਲੋਂ ਬਿਜਲੀ ਸੋਧ ਬਿੱਲ ਖ਼ਿਲਾਫ਼ ਚੱਲਦੇ ਸੰਘਰਸ਼ ਦੌਰਾਨ ਚੰਡੀਗੜ੍ਹ ’ਚ ਮੋਰਚੇ ਦੇ ਆਗੂਆਂ ਅਤੇ ਸਰਕਾਰ ਦਰਮਿਆਨ 9 ਘੰਟੇ ਚੱਲੀ ਮੀਟਿੰਗ ਦੌਰਾਨ ਸਰਕਾਰ ਵੱਲੋਂ ਲੰਬੀ ਚੁੱਪ ਤੋੜੀ ਗਈ। ਮੁੱਖ ਮੰਤਰੀ ਵੱਲੋਂ ਬਿਜਲੀ ਸੋਧ ਬਿੱਲ ਦਾ ਸਰਕਾਰੀ ਪੱਧਰ ’ਤੇ ਵਿਰੋਧ ਕਰਨ ਦਾ ਬਿਆਨ ਦਿੱਤਾ ਗਿਆ ਹੈ। 18 ਤੇ 19 ਦਸੰਬਰ ਦੇ ਪੰਜਾਬ ਭਰ ਦੇ ਡੀ. ਸੀ. ਦਫ਼ਤਰਾਂ ’ਤੇ ਚੱਲਦੇ ਮੋਰਚਿਆਂ ਤੇ 20 ਤਰੀਕ ਤੋਂ ਪੰਜਾਬ ’ਚ ਰੇਲ ਰੋਕੋ ਅੰਦੋਲਨ ਦੇ ਸੱਦੇ ਦੇ ਦੌਰਾਨ ਸਰਕਾਰ ਵੱਲੋਂ ਚੰਡੀਗੜ੍ਹ ’ਚ ਕਿਸਾਨ-ਮਜ਼ਦੂਰ ਮੋਰਚਾ ਨਾਲ ਰੱਖੀ ਮੀਟਿੰਗ 19 ਦਸੰਬਰ ਨੂੰ ਘੰਟਿਆਂਬੱਧੀ ਚੱਲ ਕੇ ਦੇਰ ਰਾਤ ਖ਼ਤਮ ਹੋਈ, ਜਿਸ ’ਚ ਐੱਸ.ਪੀ.ਐੱਸ. ਪਰਮਾਰ ਆਈ. ਪੀ.ਐੱਸ. ਲਾਅ ਐਂਡ ਆਰਡਰ, ਅਰਸ਼ਦੀਪ ਸਿੰਘ ਥਿੰਦ ਆਈ.ਏ.ਐੱਸ. ਪ੍ਰਬੰਧਕੀ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ, ਬਸੰਤ ਗਰਗ ਆਈ.ਏ.ਐੱਸ. ਪ੍ਰਬੰਧਕੀ ਸਕੱਤਰ ਪਾਵਰ, ਸੋਨਾਲੀ ਗਿਰੀ ਆਈ. ਏ.ਐੱਸ. ਸਕੱਤਰ ਰੈਵੀਨਿਊ ਤੇ ਪੁਨਰਵਾਸ ਸਰਕਾਰ ਵੱਲੋਂ ਹਾਜ਼ਰ ਹੋਏ।
20 ਦਸੰਬਰ ਨੂੰ ਚੰਡੀਗੜ੍ਹ ਦੇ ਕਿਸਾਨ ਭਵਨ ’ਚ ਪ੍ਰੈੱਸ ਕਾਨਫਰੰਸ ਕਰਕੇ ਕੇ. ਐੱਮ. ਐੱਮ. ਦੇ ਆਗੂਆਂ ਨੇ ਦੱਸਿਆ ਕਿ ਸ਼ੰਭੂ ਤੇ ਖਨੌਰੀ ਮੋਰਚਿਆਂ ’ਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਜਬਰ ਕਾਰਨ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਾਮਾਨ ਦੀ ਭਰਪਾਈ ਦੇ ਮਸਲੇ ’ਤੇ ਸਰਕਾਰ ਵੱਲੋਂ ਕਮੇਟੀ ਬਣਾਏ ਜਾਣ ਦੀ ਤਜ਼ਵੀਜ਼ ’ਤੇ ਸਹਿਮਤੀ ਬਣੀ ਪਰ ਕਮੇਟੀ ਮੈਂਬਰਾਂ ਦੇ ਨਾਂ ’ਤੇ ਮੋਰਚੇ ਦੇ ਆਗੂਆਂ ਵੱਲੋਂ ਇਤਰਾਜ਼ ਚੁੱਕੇ ਜਾਣ ’ਤੇ ਕਮੇਟੀ ਮੈਂਬਰਾਂ ਬਾਰੇ 22 ਤਰੀਕ ਸੋਮਵਾਰ ਨੂੰ ਫਿਰ ਤੋਂ ਸਰਕਾਰ ਤੇ ਕੇ.ਐੱਮ.ਐੱਮ. ਦੇ ਆਗੂਆਂ ਦਰਮਿਆਨ ਤਹਿ ਹੋਈ ਮੀਟਿੰਗ ’ਚ ਚਰਚਾ ਹੋਵੇਗੀ।
ਆਗੂਆਂ ਨੇ ਕਿਹਾ ਕਿ ਵੱਡੀ ਗਿਣਤੀ ’ਚ ਹੜ੍ਹ ਪੀੜਤ ਲੋਕਾਂ ਦੇ ਮੁਆਵਜ਼ੇ ਤੋਂ ਵਾਂਝੇ ਰਹਿਣ ਦੇ ਮੁੱਦੇ ’ਤੇ ਸਰਕਾਰ ਵੱਲੋਂ ਤੁਰੰਤ ਪ੍ਰਭਾਵ ਨਾਲ ਮੁਆਵਜ਼ੇ ਜਾਰੀ ਕਰਨ ’ਤੇ ਸਹਿਮਤੀ ਦੇ ਦਿੱਤੀ ਗਈ ਤੇ ਕੇ.ਐੱਮ.ਐੱਮ. ਵੱਲੋਂ ਮੁਹਿੰਮ ਚਲਾ ਕੇ ਮੁਆਵਜ਼ਿਆਂ ਤੋਂ ਵਾਂਝੇ ਰਹਿ ਗਏ ਪੀੜਤਾਂ ਦੀਆਂ ਲਿਸਟਾਂ ਤਿਆਰ ਕਰਕੇ ਸਰਕਾਰ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾਵੇਗਾ।
ਆਗੂਆਂ ਦੱਸਿਆ ਕਿ ਪੂਰੀ ਤਰ੍ਹਾਂ ਹੜ੍ਹ ਦੀ ਮਾਰ ਹੇਠ ਆਏ ਕਿਸਾਨਾਂ, ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਮਸਲੇ ’ਤੇ ਅਗਲੀ ਮੀਟਿੰਗ ’ਚ ਸਬੰਧਤ ਅਦਾਰੇ ਦੇ ਅਧਿਕਾਰੀਆਂ ਨੂੰ ਸੱਦ ਕੇ ਸਥਿਤੀ ਸਪੱਸ਼ਟ ਕੀਤੇ ਜਾਣ ’ਤੇ ਸਹਿਮਤੀ ਬਣੀ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ’ਚ ਬਣੀ ਸਹਿਮਤੀ ਅਤੇ ਹੋਰ ਅਹਿਮ ਮਸਲਿਆਂ ’ਤੇ ਰੱਖੀ ਗਈ ਮੀਟਿੰਗ ਦੇ ਚੱਲਦੇ ਐਲਾਨੇ ਗਏ 20 ਤਰੀਕ ਦੇ ‘ਰੇਲ ਰੋਕੋ’ ਅੰਦੋਲਨ ਨੂੰ ਫਿਲਹਾਲ ਲਈ ਮੁਲਤਵੀ ਕੀਤਾ ਜਾ ਰਿਹਾ ਹੈ ਪਰ ਜੇਕਰ ਮੀਟਿੰਗ ’ਚ ਕੋਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਂਦੇ ਦਿਖਾਈ ਨਾ ਦਿੱਤੇ ਤਾਂ ਤੁਰੰਤ ਮੀਟਿੰਗ ਰੱਖ ਕੇ ਅਗਲੇ ਐਕਸ਼ਨ ਪ੍ਰੋਗਰਾਮ ਐਲਾਨੇ ਜਾਣਗੇ।
ਇਸ ਮੌਕੇ ਕੇ. ਐੱਮ. ਐੱਮ. ਵੱਲੋਂ ਸਰਵਣ ਸਿੰਘ ਪੰਧੇਰ, ਬਲਦੇਵ ਸਿੰਘ ਜ਼ੀਰਾ, ਮਨਜੀਤ ਸਿੰਘ ਰਾਏ, ਮਨਜੀਤ ਸਿੰਘ ਨਿਆਲ, ਬਲਵੰਤ ਸਿੰਘ ਬਹਿਰਾਮਕੇ, ਗੁਰਅਮਨੀਤ ਸਿੰਘ ਮਾਂਗਟ, ਦਿਲਬਾਗ ਸਿੰਘ ਗਿੱਲ, ਧਿਆਨ ਸਿੰਘ ਸਿਉਣਾ, ਗੁਰਵਿੰਦਰ ਸਿੰਘ ਲਹਿਰਾ, ਬਲਕਾਰ ਸਿੰਘ ਬੈਂਸ, ਮਲਕੀਤ ਸਿੰਘ ਗੁਲਾਮੀਵਾਲਾ, ਓਂਕਾਰ ਸਿੰਘ ਪੁਰਾਣਾ ਭੰਗਾਲਾ ਅਤੇ ਦਵਿੰਦਰ ਸਿੰਘ ਸੰਧਵਾਂ ਹਾਜ਼ਰ ਰਹੇ।
