ਬ੍ਰਿਸਬੇਨ ਤੇ ਪੰਜਾਬ ਦਰਮਿਆਨ ਹਵਾਈ ਸੰਪਰਕ ‘ਚ ਵਾਧਾ! ਸਿੱਧਾ ਅੰਮ੍ਰਿਤਸਰ ਲੈਂਡ ਹੋ ਰਹੇ ਜਹਾਜ਼

Monday, Dec 22, 2025 - 08:33 PM (IST)

ਬ੍ਰਿਸਬੇਨ ਤੇ ਪੰਜਾਬ ਦਰਮਿਆਨ ਹਵਾਈ ਸੰਪਰਕ ‘ਚ ਵਾਧਾ! ਸਿੱਧਾ ਅੰਮ੍ਰਿਤਸਰ ਲੈਂਡ ਹੋ ਰਹੇ ਜਹਾਜ਼

ਬ੍ਰਿਸਬੇਨ/ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ) : ਆਸਟਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ, ਖਾਸ ਕਰਕੇ ਕੁਈਨਜ਼ਲੈਂਡ ਤੋਂ ਪੰਜਾਬ ਆਉਣ ਜਾਣ ਵਾਲਿਆਂ ਲਈ ਹਵਾਈ ਸਫਰ ਹੁਣ ਹੋਰ ਸੁਖਾਲਾ ਹੋ ਗਿਆ ਹੈ। ਮਲੇਸ਼ੀਆ ਏਅਰਲਾਈਨਜ਼ ਵੱਲੋਂ 29 ਨਵੰਬਰ ਤੋਂ ਹਫ਼ਤੇ ਵਿੱਚ ਪੰਜ ਦਿਨ ਲਈ ਸ਼ੁਰੂ ਕੀਤੀ ਗਈ ਕੁਆਲਾਲੰਪੁਰ-ਬ੍ਰਿਸਬੇਨ ਉਡਾਣ, ਪੰਜਾਬੀਆਂ ਲਈ ਇੱਕ ਲਾਹੇਵੰਦ ਵਿਕਲਪ ਬਣ ਕੇ ਉੱਭਰੀ ਹੈ।

ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹ ਨਵੀਂ ਉਡਾਣ ਬ੍ਰਿਸਬੇਨ ਨੂੰ ਕੁਆਲਾਲੰਪੁਰ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨਾਲ ਜੋੜਦੀ ਹੈ। ਗੁਮਟਾਲਾ ਅਨੁਸਾਰ ਬ੍ਰਿਸਬੇਨ ਤੋਂ ਇਹ ਉਡਾਣ ਸਵੇਰੇ 8:30 ਵਜੇ ਰਵਾਨਾ ਹੋ ਕੇ ਦੁਪਹਿਰ 2:40 ਵਜੇ ਕੁਆਲਾਲੰਪੁਰ ਪਹੁੰਚਦੀ ਹੈ। ਉੱਥੇ ਤਕਰੀਬਨ 3 ਘੰਟੇ ਬਾਅਦ, ਯਾਤਰੀ ਸ਼ਾਮ ਦੇ 5:05 ਵਜੇ ਅੰਮ੍ਰਿਤਸਰ ਲਈ ਉਡਾਣ ਲੈ ਕੇ ਰਾਤ 8:30 ਵਜੇ ਪੰਜਾਬ ਪਹੁੰਚ ਸਕਦੇ ਹਨ। ਇਸ ਨਾਲ ਬ੍ਰਿਸਬੇਨ ਤੋਂ ਅੰਮ੍ਰਿਤਸਰ ਦੀ ਯਾਤਰਾ ਸਿਰਫ 17 ਘੰਟਿਆਂ ਵਿੱਚ ਪੂਰੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਬ੍ਰਿਸਬੇਨ ਦੀ ਵਾਪਸੀ ਯਾਤਰਾ ਦੌਰਾਨ ਕੁਆਲਾਲੰਪੁਰ ਵਿਖੇ ਲਗਭਗ 13 ਘੰਟਿਆਂ ਦਾ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ, ਜੋ ਯਾਤਰੀਆਂ, ਖਾਸਕਰ ਬਜ਼ੁਰਗਾਂ ਅਤੇ ਬੱਚਿਆਂ ਵਾਲੇ ਪਰਿਵਾਰਾਂ ਲਈ ਔਖਾ ਹੈ। ਇਨੀਸ਼ੀਏਟਿਵ ਨੇ ਏਅਰਲਾਈਨ ਦੀ ਮੈਨੇਜਮੈਂਟ ਨੂੰ ਇਸ ਸਮੇਂ ਵਿੱਚ ਸੁਧਾਰ ਦੀ ਅਪੀਲ ਕੀਤੀ ਹੈ।
 
ਆਸਟਰੇਲੀਆ ਤੋਂ ਇਨੀਸ਼ੀਏਟਿਵ ਦੇ ਮੁੱਖ ਬੁਲਾਰੇ ਸਰਮੁਹੱਬਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਕੂਟ ਅਤੇ ਸਿੰਗਾਪੁਰ ਏਅਰਲਾਈਨਜ਼ ਰਾਹੀਂ ਵੀ ਸਿੰਗਾਪੁਰ ਦੇ ਰਸਤੇ ਇਸ ਹਵਾਈ ਸੰਪਰਕ ਉਪਲਬਧ ਹੈ। ਉਨ੍ਹਾਂ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਦੀ ਕੁਆਂਟਾਸ ਏਅਰਲਾਈਨ ਨਾਲ ਭਾਈਵਾਲੀ ਰਾਹੀਂ ਮੈਲਬੌਰਨ, ਸਿਡਨੀ ਜਾਂ ਪਰਥ ਤੋਂ ਵੀ ਬ੍ਰਿਸਬੇਨ ਸਮੇਤ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਨਾਲ ਸੰਪਰਕ ਜੁੜਦਾ ਹੈ। ਰੰਧਾਵਾ ਨੇ ਅੱਗੇ ਕਿਹਾ ਕਿ ਮਲੇਸ਼ੀਆ ਏਅਰਲਾਈਨ ਵੱਲੋਂ ਕੁਆਲਾਲੰਪੁਰ ਤੋਂ ਮੈਲਬੌਰਨ ਅਤੇ ਸਿਡਨੀ ਲਈ ਉਡਾਣਾਂ ਦੀ ਗਿਣਤੀ ਰੋਜ਼ਾਨਾਂ ਤਿੰਨ ਤੇ ਪਰਥ ਲਈ ਰੋਜ਼ਾਨਾਂ ਦੋ ਕਰਨ ਨਾਲ ਪੰਜਾਬ ਤੋਂ ਆਸਟਰੇਲੀਆ ਦਾ ਹਵਾਈ ਸੰਪਰਕ ਹੋਰ ਮਜ਼ਬੂਤ ਹੋਇਆ ਹੈ। ਫਰਵਰੀ 2026 ਤੋਂ ਕੁਆਲਾਲੰਪੁਰ – ਐਡੀਲੇਡ ਉਡਾਣ ਵੀ ਰੋਜਾਨਾਂ ਹੋ ਜਾਵੇਗੀ ਜਿਸ ਨਾਲ ਐਡੀਲੇਡ–ਅੰਮ੍ਰਿਤਸਰ ਸੰਪਰਕ ਨੂੰ ਹੁਲਾਰਾ ਮਿਲੇਗਾ।

ਇਨੀਸ਼ੀਏਟਿਵ ਦੇ ਆਗੂਆਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਜਾਣ ਦੀ ਬਜਾਏ ਅੰਮ੍ਰਿਤਸਰ ਨੂੰ ਤਰਜੀਹ ਦੇਣ ਤਾਂ ਜੋ ਉਨ੍ਹਾਂ ਦਾ ਕੀਮਤੀ ਸਮਾਂ ਬਚ ਸਕੇ ਅਤੇ ਪੰਜਾਬ ਦੀ ਆਰਥਿਕਤਾ ਨੂੰ ਵੀ ਲਾਭ ਹੋਵੇ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਗਿਣਤੀ ਵਧਣ ਨਾਲ ਅਸੀਂ ਹੋਰਨਾਂ ਏਅਰਲਾਈਨਾਂ ਅੱਗੇ ਵੀ ਅੰਮ੍ਰਿਤਸਰ ਤੋਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕਰ ਸਕਦੇ ਹਾਂ। ਨਾਲ ਹੀ, ਉਨ੍ਹਾਂ ਪੰਜਾਬ ਸਰਕਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨਾਲ ਬੱਸ ਸੇਵਾ ਰਾਹੀਂ ਜੋੜਨ ਦੀ ਅਪੀਲ ਵੀ ਕੀਤੀ ਹੈ।


author

Baljit Singh

Content Editor

Related News