ਯੂ. ਐੱਨ. ਐੱਮ. ਓ. ਦਾ ਨੁਕਸਾਨਿਆ ਗਿਆ ਵਾਹਨ , ਪਾਕਿ ਨੇ ਭਾਰਤੀ ਡਿਪਲੋਮੈਟ ਕੀਤਾ ਤਲਬ
Monday, Dec 21, 2020 - 01:00 PM (IST)
ਪੇਸ਼ਾਵਰ- ਪਾਕਿਸਤਾਨ ਨੇ ਯੂਨਾਈਟਡ ਨੇਸ਼ਨਜ਼ ਮਿਲਟਰੀ ਆਬਜ਼ਰਵਰਜ਼ (ਯੂ. ਐੱਨ. ਐੱਮ. ਓ.) ਦੇ ਇਕ ਵਾਹਨ ਨੂੰ ਦੇਸ਼ ਦੇ ਚਿਰਿਕੋਟ ਸੈਕਟਰ ਵਿਚ ਕੰਟਰੋਲ ਰੇਖਾ ਕੋਲ ਨਿਸ਼ਾਨਾ ਬਣਾਏ ਜਾਣ ਦਾ ਵਿਰੋਧ ਦਰਜ ਕਰਨ ਲਈ ਸ਼ਨੀਵਾਰ ਨੂੰ ਭਾਰਤ ਦੇ ਡਿਪਲੋਮੈਟ ਨੂੰ ਤਲਬ ਕੀਤਾ ਹੈ। ਭਾਰਤੀ ਫ਼ੌਜ 'ਤੇ ਦੋਸ਼ ਲਾਏ ਜਾਣ ਦੇ ਇਕ ਦਿਨ ਬਾਅਦ ਭਾਰਤੀ ਡਿਪਲੋਮੈਟ ਨੂੰ ਇੱਥੇ ਵਿਦੇਸ਼ ਵਿਭਾਗ ਵਿਚ ਤਲਬ ਕੀਤਾ। ਭਾਰਤ ਨੇ ਇਸ ਦੋਸ਼ ਨੂੰ ਪੂਰੀ ਤਰ੍ਹਾਂ ਝੂਠਾ, ਆਧਾਰਹੀਣ ਅਤੇ ਗਲਤ ਦੱਸਿਆ ਹੈ।
ਐੱਫ. ਓ. ਮੁਤਾਬਕ ਯੂ. ਐੱਨ. ਐੱਮ. ਓ. ਜਦ ਸੰਘਰਸ਼ ਵਿਰਾਮ ਉਲੰਘਣ ਦੇ ਪੀੜਤਾਂ ਨੂੰ ਮਿਲਣ ਲਈ ਪੋਲਾਸ ਪਿੰਡ ਜਾ ਰਹੇ ਸਨ, ਉਸ ਦੌਰਾਨ ਉਨ੍ਹਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਵਾਹਨ ਨੁਕਸਾਨਿਆ ਗਿਆ ਪਰ ਦੋਵੇਂ ਯੂ. ਐੱਨ. ਐੱਮ. ਓ. ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਨਵੀਂ ਦਿੱਲੀ ਵਿਚ ਫ਼ੌਜੀ ਸੂਤਰਾਂ ਨੇ ਇਸ ਦੋਸ਼ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਦੇ ਵਾਹਨ ਨੂੰ ਨਿਸ਼ਾਨਾ ਬਣਾਉਣ ਦੀਆਂ ਖ਼ਬਰਾਂ ਸੱਚ ਨਹੀਂ ਹਨ।
ਇਸ ਵਿਚਕਾਰ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੇ ਉਪ ਬੁਲਾਰਾ ਫਰਹਾਨ ਹਕ ਨੇ ਸ਼ੁੱਕਰਵਾਰ ਨੂੰ ਇਸ ਘਟਨਾ 'ਤੇ ਟਿੱਪਣੀ ਵਿਚ ਕਿਹਾ, ਮੇਰਾ ਮੰਨਣਾ ਹੈ ਕਿ ਸਾਡੇ ਕੋਲ ਜੋ ਜਾਣਕਾਰੀ ਹੈ, ਉਸ ਅਨੁਸਾਰ ਕਿਸੇ ਨੂੰ ਸੱਟ ਨਹੀਂ ਪਹੁੰਚਾਈ ਗਈ ਪਰ ਇਕ ਘਟਨਾ ਵਿਚ ਇਕ ਵਾਹਨ ਨੁਕਸਾਨਿਆ ਗਿਆ ਹੈ ਅਤੇ ਮਿਸ਼ਨ ਵਰਤਮਾਨ ਵਿਚ ਘਟਨਾ ਦੀ ਜਾਂਚ ਕਰ ਰਿਹਾ ਹੈ।" ਨਵੀਂ ਦਿੱਲੀ ਵਿਚ ਅਧਿਕਾਰਕ ਸੂਤਰਾਂ ਨੇ ਕਿਹਾ ਕਿ ਭਾਰਤੀ ਫ਼ੌਜੀਆਂ ਵਲੋਂ ਕੰਟਰੋਲ ਰੇਖਾ ਕੋਲ ਸੰਯੁਕਤ ਰਾਸ਼ਟਰ ਦੇ ਵਾਹਨ 'ਤੇ ਹਮਲੇ ਦੇ ਸਬੰਧ ਵਿਚ ਪਾਕਿਸਤਾਨ ਵਲੋਂ ਆਉਣ ਵਾਲੀਆਂ ਖਬਰਾਂ ਪੂਰੀ ਤਰ੍ਹਾਂ ਗਲਤ, ਬਿਨਾਂ ਆਧਾਰ ਦੇ ਹਨ। ਸੂਤਰਾਂ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਸ ਖੇਤਰ ਵਿਚ ਭਾਰਤੀ ਪੱਖ ਵਲੋਂ ਕੋਈ ਗੋਲੀਬਾਰੀ ਨਹੀਂ ਹੋਈ।