ਪਾਕਿ ਦੇ MP ਨੇ ਇਮਰਾਨ ਦੀ ਖੋਲ੍ਹੀ ਪੋਲ, ਕਿਹਾ-30 ਹਿੰਦੂ ਕੁੜੀਆਂ ਹੋਈਆਂ ਅਗਵਾ

09/19/2019 8:37:48 AM

ਇਸਲਾਮਾਬਾਦ— ਪਾਕਿਸਤਾਨ ਦੀ ਇਕ ਸਿਆਸੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਇਕ ਐੱਮ. ਪੀ. ਖੇਲ ਦਾਸ ਕੋਹਿਸਤਾਨੀ ਨੇ ਸੰਸਦ ਵਿਚ ਇਮਰਾਨ ਖਾਨ ਦੀ ਪੋਲ ਖੋਲ੍ਹਦਿਆਂ ਬੁੱਧਵਾਰ ਕਿਹਾ ਕਿ ਪਿਛਲੇ 4 ਮਹੀਨਿਆਂ ਦੌਰਾਨ 25 ਤੋਂ 30 ਹਿੰਦੂ ਕੁੜੀਆਂ ਅਗਵਾ ਹੋ ਚੁੱਕੀਆਂ ਹਨ ਜੋ ਅਜੇ ਤੱਕ ਆਪਣੇ ਘਰਾਂ ਵਿਚ ਨਹੀਂ ਪਰਤੀਆਂ। ਉਨ੍ਹਾਂ ਪੁੱਛਿਆ ਕਿ ਇਹ ਅੱਤਿਆਚਾਰ ਕਦੋਂ ਤੱਕ ਜਾਰੀ ਰਹੇਗਾ। ਹਿੰਦੂ ਲੋਕ ਕਦੋਂ ਤੱਕ ਲਾਸ਼ਾਂ ਚੁੱਕਦੇ ਰਹਿਣਗੇ? ਕਦੋਂ ਤੱਕ ਮੰਦਰਾਂ ਨੂੰ ਸਾੜਿਆ ਜਾਂਦਾ ਰਹੇਗਾ? ਉਨ੍ਹਾਂ ਪੁੱਛਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਸਿਰਫ ਸਿੰਧ ਸੂਬੇ ਦੇ ਘੋਟਕੀ ਅਤੇ ਉਮਰਕੋਟ ਵਿਖੇ ਹੀ ਕਿਉਂ ਵਾਪਰ ਰਹੀਆਂ ਹਨ? ਇਹ ਅੱਗ ਨਾ ਰੋਕੀ ਤਾਂ ਪੂਰੇ ਸਿੰਧ ਵਿਚ ਫੈਲ ਜਾਏਗੀ। ਅਜਿਹੀਆਂ ਘਟਨਾਵਾਂ ਲਈ ਸਿੰਧ ਵਿਚ ਕੁਝ ਲੋਕ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਲੋਕਾਂ ਦਾ ਸ਼ਿਕੰਜਾ ਕੱਸੇ।

ਦੱਸਣਯੋਗ ਹੈ ਕਿ ਖੇਲ ਦਾਸ ਕੋਹਿਸਤਾਨੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਸਿੰਧ ਸੂਬੇ ਦੇ ਲਾੜਕਾਨਾ ਵਿਖੇ ਇਕ ਹਿੰਦੂ ਵਿਦਿਆਰਥਣ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਜਿਥੇ ਕਾਲਜ ਦੇ ਪ੍ਰਬੰਧਕ ਇਸ ਨੂੰ ਖੁਦਕੁਸ਼ੀ ਕਹਿ ਰਹੇ ਹਨ, ਉਥੇ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਕਤਲ ਦਾ ਦੋਸ਼ ਲਾ ਰਹੇ ਹਨ।


Related News