ਕਰਾਚੀ ’ਚ ਹਿੰਦੂ ਨੌਕਰਾਣੀ ਦੀ ਲਾਸ਼ ਮਿਲੀ

Thursday, May 16, 2024 - 05:05 PM (IST)

ਕਰਾਚੀ ’ਚ ਹਿੰਦੂ ਨੌਕਰਾਣੀ ਦੀ ਲਾਸ਼ ਮਿਲੀ

ਗੁਰਦਾਸਪੁਰ/ਕਰਾਚੀ (ਵਿਨੋਦ) : ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਫੇਜ਼-6 ਸਥਿਤ ਖਯਾਬਾਨ-ਏ-ਬੁਖਾਰੀ ਵਿਚ ਇਕ ਡਾਕਟਰ ਦੀ ਰਿਹਾਇਸ਼ ਵਿਚ 17 ਸਾਲਾ ਹਿੰਦੂ ਕੁੜੀ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਹਾਲਾਂਕਿ ਸਬੂਤਾਂ ਦੇ ਆਧਾਰ ’ਤੇ ਪੁਲਸ ਜਾਂਚ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਨਹੀਂ ਹੋ ਸਕਦਾ। ਉਸ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ CM ਮਾਨ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪੁਲਸ ਨੂੰ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਹੈ। ਡੀ.ਆਈ.ਜੀ. ਦੱਖਣੀ ਸਈਅਦ ਅਸਦ ਰਜ਼ਾ ਅਨੁਸਾਰ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ ਸੀ। ਇਸ ਲਈ ਕਤਲ/ਗੈਰ-ਕੁਦਰਤੀ ਮੌਤ ਦੇ ਸ਼ੱਕ ਨੂੰ ਨਕਾਰਿਆ ਨਹੀਂ ਜਾ ਸਕਦਾ। ਹਾਲਾਂਕਿ ਡੀ.ਆਈ.ਜੀ. ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਧਿਕਾਰੀ ਨੂੰ ਪੀੜਤਾ ਦੇ ਮਾਪਿਆਂ ਦੇ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੁਲਜ਼ਮਾਂ ਖ਼ਿਲਾਫ਼ ਕਤਲ ਅਤੇ ਜਬਰ-ਜ਼ਨਾਹ ਦਾ ਕੇਸ ਦਰਜ ਕੀਤਾ ਜਾ ਸਕੇ।

ਇਹ ਵੀ ਪੜ੍ਹੋ-  ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

ਡੀ.ਆਈ.ਜੀ. ਨੇ ਦੱਸਿਆ ਕਿ ਘਰ ਦਾ ਮਾਲਕ ਅਤੇ ਉਸ ਦਾ ਪਰਿਵਾਰ ਘਰ ਵਿਚ ਮੌਜੂਦ ਨਹੀਂ ਸੀ ਅਤੇ ਕੁੜੀ ਘਰ ਵਿਚ ਇਕੱਲੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਇਕ ਅਣਪਛਾਤਾ ਮੁੰਡਾ ਕਥਿਤ ਤੌਰ ’ਤੇ ਮ੍ਰਿਤਕ ਨੂੰ ਪਿਛਲੇ ਕੁਝ ਸਮੇਂ ਤੋਂ ਬਲੈਕਮੇਲ ਕਰ ਰਿਹਾ ਸੀ, ਉਨ੍ਹਾਂ ਕਿਹਾ ਕਿ ਪੁਲਸ ਮੁੰਡੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਮਾਪਿਆਂ ਵੱਲੋਂ ਐੱਫ.ਆਈ.ਆਰ. ਦਰਜ ਕਰਾਉਣ ਤੋਂ ਬਾਅਦ ਇਨ੍ਹਾਂ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਤਰਨਤਾਰਨ 'ਚ ਵੱਡੀ ਵਾਰਦਾਤ, ਨਜਾਇਜ਼ ਸਬੰਧਾਂ ਦੇ ਸ਼ੱਕ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ

ਇਸ ਤੋਂ ਪਹਿਲਾਂ ਸਿੰਧ ਦੀ ਮਹਿਲਾ ਵਿਕਾਸ ਮੰਤਰੀ ਸ਼ਾਹੀਨਾ ਸ਼ੇਰ ਅਲੀ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਪੁਲਸ ਨੂੰ ਕਿਹਾ ਕਿ ਜੇਕਰ ਉਸ ਦੇ ਮਾਤਾ-ਪਿਤਾ ਅੱਗੇ ਨਹੀਂ ਆਉਂਦੇ ਤਾਂ ਸੂਬੇ ਵੱਲੋਂ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਹਿੰਦੂ ਕੁੜੀ ਗਰੀਬ ਪਰਿਵਾਰ ਨਾਲ ਸਬੰਧਤ ਸੀ ਅਤੇ ਪਿਛਲੇ 7-8 ਮਹੀਨਿਆਂ ਤੋਂ ਡਾਕਟਰ ਦੇ ਘਰ ਨੌਕਰਾਣੀ ਦਾ ਕੰਮ ਕਰ ਰਹੀ ਸੀ। ਉਹ ਕਰਾਚੀ ਤੋਂ ਕੁਝ ਦੂਰ ਇਕ ਪਿੰਡ ਦੀ ਰਹਿਣ ਵਾਲੀ ਸੀ ਅਤੇ ਪੱਕੇ ਤੌਰ ’ਤੇ ਇਕ ਡਾਕਟਰ ਦੇ ਘਰ ਰਹਿੰਦੀ ਸੀ। ਪੁਲਸ ਡਾਕਟਰ ਦੇ ਪਰਿਵਾਰ ਦੀ ਵੀ ਉਡੀਕ ਕਰ ਰਹੀ ਹੈ। ਪਾਕਿਸਤਾਨ ਹਿੰਦੂ ਕੌਂਸਲ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News