ਪਾਕਿ ''ਚ 35 ਸੀਟਾਂ ''ਤੇ ਉਪ ਚੋਣਾਂ ਲਈ ਵੋਟਿੰਗ ਸ਼ੁਰੂ

10/14/2018 12:16:04 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਨੈਸ਼ਨਲ ਅਤੇ ਸੂਬਾਈ ਅਸੈਂਬਲੀ ਦੀਆਂ 35 ਸੀਟਾਂ 'ਤੇ ਉਪ ਚੋਣਾਂ ਲਈ ਸਖਤ ਸੁਰੱਖਿਆ ਵਿਚਕਾਰ ਐਤਵਾਰ ਨੂੰ ਵੋਟਿੰਗ ਸ਼ੁਰੂ ਹੋਈ। ਇਨ੍ਹਾਂ ਸੀਟਾਂ 'ਤੇ 600 ਤੋਂ ਜ਼ਿਆਦਾ ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚੋਂ ਕੁਝ ਕੱਦਾਵਰ ਨੇਤਾ ਵੀ ਸ਼ਾਮਲ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ। ਵੋਟਿੰਗ ਸ਼ਾਮ ਦੇ 5 ਵਜੇ ਤੱਕ ਜਾਰੀ ਰਹੇਗੀ। ਵੋਟਿੰਗ ਖਤਮ ਹੋਣ ਦੇ ਤੁਰੰਤ ਬਾਅਦ ਗਿਣਤੀ ਸ਼ੁਰੂ ਹੋਵੇਗੀ ਅਤੇ ਸਾਰੇ ਵੋਟਿੰਗ ਕੇਂਦਰਾਂ ਦੇ ਨਤੀਜੇ ਮੌਕੇ 'ਤੇ ਹੀ ਐਲਾਨੇ ਜਾਣਗੇ। ਭਾਵੇਂਕਿ ਚੋਣ ਅਧਿਕਾਰੀ ਇਕੱਠਿਆਂ ਹੀ ਨਤੀਜਿਆਂ ਦਾ ਐਲਾਨ ਕਰਨਗੇ।

50 ਲੱਖ ਤੋਂ ਜ਼ਿਆਦਾ ਰਜਿਸਟਰਡ ਵੋਟਰ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਸ ਵਿਚ 23 ਲੱਖ ਤੋਂ ਜ਼ਿਆਦਾ ਔਰਤਾਂ ਅਤੇ ਕਰੀਬ 27 ਲੱਖ ਪੁਰਸ਼ ਸ਼ਾਮਲ ਹਨ। ਉਪ ਚੋਣਾਂ ਵਿਚ ਪਹਿਲੀ ਵਾਰ ਵਿਦੇਸ਼ ਵਿਚ ਰਹਿਣ ਵਾਲੇ ਪਾਕਿਸਤਾਨੀ ਵੀ ਆਪਣੇ ਵੋਟਿੰਗ ਦੇ ਅਧਿਕਾਰ ਦੀ ਵਰਤੋਂ ਕਰਨਗੇ। ਪੰਜਾਬ ਵਿਚ ਨੈਸ਼ਨਲ ਅਸੈਂਬਲੀ ਦੀਆਂ 9 ਸੀਟਾਂ ਜਦਕਿ ਸਿੰਧ ਅਤੇ ਖੈਬਰ ਪਖਤੂਨਖਵਾ ਵਿਚ ਇਕ-ਇਕ ਸੀਟ ਲਈ ਉਪ ਚੋਣਾਂ ਹੋ ਰਹੀਆਂ ਹਨ। ਉੱਥੇ ਸੂਬਾਈ ਅਸੈਂਬਲੀ ਦੀਆਂ 24 ਸੀਟਾਂ ਲਈ ਉਪ ਚੋਣਾਂ ਹੋ ਰਹੀਆਂ ਹਨ। ਜਿਨ੍ਹਾਂ ਵਿਚੋਂ ਪੰਜਾਬ ਵਿਚ 11, ਖੈਬਰ ਪਖਤੂਨਖਵਾ ਵਿਚ 9, ਸਿੰਧ ਅਤੇ ਬਲੋਚਿਸਤਾਨ ਵਿਚ ਦੋ-ਦੋ ਸੀਟਾਂ 'ਤੇ ਉਪ ਚੋਣਾਂ ਲਈ ਵੋਟਿੰਗ ਹੋ ਰਹੀ ਹੈ। 

ਉਪ ਚੋਣਾਂ ਵਾਲੀਆਂ ਇਨ੍ਹਾਂ ਸੀਟਾਂ ਵਿਚ ਜ਼ਿਆਦਾਤਰ ਉਹ ਸੀਟਾਂ ਹਨ ਜੋ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਇਕ ਤੋਂ ਜ਼ਿਆਦਾ ਸੀਟਾਂ ਨਾਲ ਜਿੱਤਣ ਵਾਲੇ ਉਮੀਦਵਾਰਾਂ ਨੇ ਖਾਲੀ ਕਰ ਦਿੱਤੀਆਂ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 5 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਬਾਅਦ ਵਿਚ ਉਨ੍ਹਾਂ ਨੇ 4 ਸੀਟਾਂ ਖਾਲੀ ਕਰ ਦਿੱਤੀਆਂ ਸਨ। 7,489 ਵੋਟਿੰਗ ਕੇਂਦਰਾਂ 'ਤੇ ਸੁਰੱਖਿਆ ਮੁਹੱਈਆ ਕਰਾਉਣ ਲਈ ਹਜ਼ਾਰਾਂ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜਵਾਨਾਂ ਦੀ ਤਾਇਨਾਤੀ ਸ਼ੁਰੂ ਹੋਈ ਸੀ ਅਤੇ ਉਹ 15 ਅਕਤੂਬਰ ਤੱਕ ਚੋਣ ਡਿਊਟੀ ਵਿਚ ਤਾਇਨਾਤ ਰਹਿਣਗੇ। ਚੋਣ ਕਮਿਸ਼ਨ ਨੇ 1,727 ਵੋਟਿੰਗ ਕੇਂਦਰਾਂ ਨੂੰ 'ਅਤਿ ਸੰਵਦੇਨਸ਼ੀਲ' ਦੱਸਿਆ ਹੈ ਜਿੱਥੇ ਵਾਧੂ ਜਵਾਨਾਂ ਅਤੇ ਸੁਰੱਖਿਆ ਕੈਮਰਿਆਂ ਨੂੰ ਲਗਾਇਆ ਗਿਆ ਹੈ। ਇਸ ਵਿਚ ਪੰਜਾਬ ਦੇ 848, ਖੈਬਰ ਪਖਤੂਨਖਵਾ (ਕੇ.ਪੀ.) ਦੇ 544, ਸਿੰਧ ਦੇ 201 ਅਤੇ ਬਲੋਚਿਸਤਾਨ ਦੇ 134 ਵੋਟਿੰਗ ਕੇਂਦਰ ਸ਼ਾਮਲ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੋਟਿੰਗ ਕੇਂਦਰਾਂ ਦੇ ਅੰਦਰ ਅਤੇ ਬਾਹਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।


Related News