ਨਿਊ ਸਾਊਥ ਵੇਲਜ਼ ਚੋਣਾਂ : ਇਨ੍ਹਾਂ ਧਾਕੜ ਉਮੀਦਵਾਰਾਂ ਵਿਚਾਲੇ ਟੱਕਰ ਦੇ ਆਸਾਰ

Saturday, Mar 23, 2019 - 09:15 AM (IST)

ਨਿਊ ਸਾਊਥ ਵੇਲਜ਼  ਚੋਣਾਂ  : ਇਨ੍ਹਾਂ ਧਾਕੜ ਉਮੀਦਵਾਰਾਂ ਵਿਚਾਲੇ ਟੱਕਰ ਦੇ ਆਸਾਰ

ਸਿਡਨੀ, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ 'ਚ 57ਵੀਂ ਪਾਰਲੀਮੈਂਟ ਦੀਆਂ ਚੋਣਾਂ ਅੱਜ ਭਾਵ ਸ਼ਨੀਵਾਰ ਨੂੰ ਹੋ ਰਹੀਆਂ ਹਨ। ਇੱਥੋਂ ਦੀ ਮੁੱਖ ਮੰਤਰੀ ਭਾਵ ਪ੍ਰੀਮੀਅਰ ਗਲੈਡੀਜ਼ ਬੈਰੇਜਿਕਿਲੀਅਨ ਅਤੇ ਵਿਰੋਧੀ ਧਿਰ ਲੇਬਰ ਪਾਰਟੀ ਦੇ ਮਾਈਕਲ ਜੋਹਨ ਡੇਲੀ ਵਿਚਕਾਰ ਸਖਤ ਟੱਕਰ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਜਿੱਤ ਦੀ ਗੇਂਦ ਕਿਸੇ ਵੀ ਪਾਰਟੀ ਵੱਲ ਜਾ ਸਕਦੀ ਹੈ ਕਿਉਂਕਿ ਦੋਵੇਂ ਉਮੀਦਵਾਰ ਮਜ਼ਬੂਤ ਦਿਖਾਈ ਦੇ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੋਕ ਕਿਸ ਨੂੰ ਆਪਣਾ ਨਵਾਂ ਮੁੱਖ ਮੰਤਰੀ ਚੁਣਦੇ ਹਨ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਜੋ ਸ਼ਾਮ 6 ਵਜੇ ਤਕ ਚੱਲਣਗੀਆਂ। ਸੂਬੇ 'ਚ 2200 ਪੋਲਿੰਗ ਬੂਥ ਲਗਾਏ ਗਏ ਹਨ ਅਤੇ ਉਮੀਦ ਹੈ ਕਿ 4 ਮਿਲੀਅਨ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਤੁਹਾਨੂੰ ਦੱਸ ਦਈਏ ਕਿ ਅਰਲੀ ਵੋਟਿੰਗ ਭਾਵ ਚੋਣਾਂ ਦੇ ਦਿਨ ਤੋਂ ਪਹਿਲਾਂ ਰੱਖੀ ਗਈ ਵੋਟਿੰਗ ਸੁਵਿਧਾ ਦਾ ਕਾਫੀ ਲੋਕਾਂ ਨੇ ਲਾਭ ਉਠਾਇਆ ਅਤੇ 1.3 ਮਿਲੀਅਨ ਲੋਕਾਂ ਨੇ ਪਹਿਲਾਂ ਹੀ ਵੋਟ ਪਾ ਲਈ ਸੀ। ਇਸ ਸੁਵਿਧਾ ਦਾ ਭਾਵ ਇਹ ਹੁੰਦਾ ਹੈ ਕਿ ਜੇਕਰ ਕੋਈ ਵਿਅਕਤੀ ਵੋਟਾਂ ਵਾਲੇ ਦਿਨ ਕਿਸੇ ਵੀ ਕਾਰਨ ਵੋਟ ਪਾਉਣ ਨਾ ਜਾ ਸਕਦਾ ਹੋਵੇ, ਉਹ ਇਸ ਰਾਹੀਂ ਪਹਿਲਾਂ ਹੀ ਵੋਟ ਦੀ ਵਰਤੋਂ ਕਰ ਸਕਦਾ ਹੈ।

ਲਿਬਰਲ-ਨੈਸ਼ਨਲ ਵਲੋਂ ਪ੍ਰੀਮੀਅਰ ਗਲੈਡੀਜ਼ ਅਤੇ ਮਾਈਕਲ ਜੋਹਨ ਵਲੋਂ ਕਈ ਵਾਅਦੇ ਕੀਤੇ ਗਏ ਹਨ। ਸਿਹਤ ਸਹੂਲਤਾਂ, ਸਕੂਲ ਅਤੇ ਖੇਡਾਂ ਨੂੰ ਹੋਰ ਵੀ ਉੱਚ ਪੱਧਰ ਤਕ ਲੈ ਜਾਣ ਵਾਲੇ ਵੱਡੇ ਮੁੱਦਿਆਂ ਦੇ ਨਾਲ-ਨਾਲ ਪ੍ਰਵਾਸੀਆਂ ਦੇ ਮੁੱਦੇ ਵੀ ਚੋਣਾਂ 'ਚ ਉਮੀਦਵਾਰਾਂ ਦੀ ਜਿੱਤ-ਹਾਰ ਦਾ ਫੈਸਲਾ ਕਰਨਗੇ। ਪ੍ਰੀਮੀਅਰ ਗਲੈਡੀਜ਼ ਜਦ ਆਪਣੀ ਵੋਟ ਦੀ ਵਰਤੋਂ ਕਰਨ ਆਈ ਤਾਂ ਲੋਕਾਂ ਨੇ ਉਨ੍ਹਾਂ ਦਾ ਕਾਫੀ ਉਤਸ਼ਾਹ ਨਾਲ ਸਵਾਗਤ ਕੀਤਾ।


Related News