ਜਲੰਧਰ ਜ਼ਿਲ੍ਹੇ ’ਚ 44.6 ਫ਼ੀਸਦੀ ਵੋਟਿੰਗ, 669 ਉਮੀਦਵਾਰਾਂ ਦਾ ਭਵਿੱਖ ਬੈਲੇਟ ਬਕਸਿਆਂ ’ਚ ਬੰਦ

Monday, Dec 15, 2025 - 11:02 AM (IST)

ਜਲੰਧਰ ਜ਼ਿਲ੍ਹੇ ’ਚ 44.6 ਫ਼ੀਸਦੀ ਵੋਟਿੰਗ, 669 ਉਮੀਦਵਾਰਾਂ ਦਾ ਭਵਿੱਖ ਬੈਲੇਟ ਬਕਸਿਆਂ ’ਚ ਬੰਦ

ਜਲੰਧਰ (ਚੋਪੜਾ)-ਜਲੰਧਰ ਜ਼ਿਲ੍ਹੇ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਬੀਤੇ ਦਿਨ ਸ਼ਾਂਤੀਪੂਰਨ ਮਾਹੌਲ ਵਿਚ ਸਮਾਪਤ ਹੋ ਗਈਆਂ। ਜ਼ਿਲ੍ਹੇ ਵਿਚ ਕੁੱਲ੍ਹ 44.6 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ, ਜਿਸ ਦੇ ਨਾਲ ਹੀ 669 ਉਮੀਦਵਾਰਾਂ ਦਾ ਸਿਆਸੀ ਭਵਿੱਖ ਬੈਲੇਟ ਬਕਸਿਆਂ ਵਿਚ ਬੰਦ ਹੋ ਗਿਆ ਹੈ। ਚੋਣ ਪ੍ਰਕਿਰਿਆ ਦੀ ਸਮਾਪਤੀ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ 17 ਦਸੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ’ਤੇ ਟਿਕੀਆਂ ਹੋਈਆਂ ਹਨ। ਜ਼ਿਲ੍ਹਾ ਪ੍ਰੀਸ਼ਦ ਦੇ 21 ਜ਼ੋਨਾਂ ਅਤੇ 11 ਬਲਾਕ ਸੰਮਤੀਆਂ ਅਧੀਨ ਆਉਣ ਵਾਲੇ 188 ਜ਼ੋਨਾਂ ਲਈ ਜ਼ਿਲ੍ਹੇ ਭਰ ਵਿਚ ਕੁੱਲ੍ਹ 1209 ਪੋਲਿੰਗ ਬੂਥ ਸਥਾਪਤ ਕੀਤੇ ਗਏ ਸਨ। ਵੋਟਿੰਗ 14 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੀ। ਇਕਾ-ਦੁੱਕਾ ਘਟਨਾਵਾਂ ਤੋਂ ਇਲਾਵਾ ਕਿਤਿਓਂ ਵੀ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਮਿਲੀ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਘਟਨਾ! ਸੰਘਣੀ ਆਬਾਦੀ ਵਾਲੇ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਨੂੰ ਲੱਗੀ ਅੱਗ

ਇਸ ਸਬੰਧ ਵਿਚ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲੇ ਦੇ ਜਾਗਰੂਕ ਵੋਟਰਾਂ, ਚੋਣ ਡਿਊਟੀ ’ਤੇ ਤਾਇਨਾਤ ਸਿਵਲ ਤੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ, ਉਮੀਦਵਾਰਾਂ ਅਤੇ ਸਾਰੀਆਂ ਸਿਆਸੀ ਪਾਰਟੀਆਂ ਦਾ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੋਟਰਾਂ ਦੀ ਸ਼ਮੂਲੀਅਤ ਅਤੇ ਸਾਰੀਆਂ ਪਾਰਟੀਆਂ ਦਾ ਅਨੁਸ਼ਾਸਿਤ ਆਚਰਨ ਬੇਹੱਦ ਜ਼ਰੂਰੀ ਹੈ, ਜਿਸ ਨੂੰ ਜਲੰਧਰ ਦੇ ਲੋਕਾਂ ਨੇ ਬਾਖੂਬੀ ਨਿਭਾਇਆ।

ਡਾ. ਅਗਰਵਾਲ ਨੇ ਦੱਸਿਆ ਕਿ ਵੋਟਿੰਗ ਦੌਰਾਨ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸੰਵੇਦਨਸ਼ੀਲ ਅਤੇ ਅਤਿ-ਸੰਵੇਦਨਸ਼ੀਲ ਪੋਲਿੰਗ ਬੂਥਾਂ ’ਤੇ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਦੇ ਨਾਲ ਹੀ ਸੈਕਟਰ ਮੈਜਿਸਟ੍ਰੇਟ, ਜ਼ੋਨਲ ਮੈਜਿਸਟ੍ਰੇਟ ਅਤੇ ਫਲਾਇੰਗ ਸਕੁਐਡ ਲਗਾਤਾਰ ਇਲਾਕੇ ਵਿਚ ਗਸ਼ਤ ਕਰਦੇ ਰਹੇ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਆਪਸੀ ਤਾਲਮੇਲ ਸਦਕਾ ਵੋਟਿੰਗ ਪੂਰੀ ਤਰ੍ਹਾਂ ਸ਼ਾਂਤੀਪੂਰਵਕ ਸਮਾਪਤ ਹੋਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਵੋਟਰਾਂ ਨੇ ਲੋਕਤੰਤਰੀ ਕਦਰਾਂ-ਕੀਮਤਾਂ ਵਿਚ ਆਪਣੇ ਡੂੰਘੀ ਵਿਸ਼ਵਾਸ ਦਾ ਪ੍ਰਦਰਸ਼ਨ ਕਰਦੇ ਹੋਏ ਨਿਡਰਤਾ ਨਾਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਬਜ਼ੁਰਗ ਵੋਟਰਾਂ, ਔਰਤਾਂ ਅਤੇ ਨੌਜਵਾਨਾਂ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਪੋਲਿੰਗ ਸਟੇਸ਼ਨਾਂ ’ਤੇ ਪਹੁੰਚ ਕੇ ਲੋਕਤੰਤਰ ਨੂੰ ਮਜ਼ਬੂਤ ਕੀਤਾ।

ਇਹ ਵੀ ਪੜ੍ਹੋ: ਵੋਟਾਂ ਵਿਚਾਲੇ ਜਲੰਧਰ ਸ਼ਹਿਰ ਵਿਚ ਵੱਡਾ ਧਮਾਕਾ, ਇਕ ਦੀ ਮੌਤ

ਸਭ ਤੋਂ ਵੱਧ ਲੋਹੀਆਂ ਖਾਸ ਅਤੇ ਸਭ ਤੋਂ ਘੱਟ ਫਿਲੌਰ ’ਚ ਹੋਈ ਵੋਟਿੰਗ
ਜ਼ਿਲ੍ਹੇ ਵਿਚ ਹੋਈ ਵੋਟਿੰਗ ਸਬੰਧੀ ਪ੍ਰਾਪਤ ਅੰਕੜਿਆਂ ਅਨੁਸਾਰ ਲੋਹੀਆਂ ਖਾਸ ਵਿਚ ਸਭ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ, ਜਦੋਂ ਕਿ ਫਿਲੌਰ ਵਿਚ ਵੋਟਿੰਗ ਫੀਸਦੀ ਸਭ ਤੋਂ ਘੱਟ ਰਹੀ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਸਾਰੇ ਇਲਾਕਿਆਂ ਵਿਚ ਤਸੱਲੀਬਖਸ਼ ਵੋਟਿੰਗ ਹੋਣ ਦੀ ਗੱਲ ਕਹੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਵੋਟਿੰਗ ਫ਼ੀਸਦੀ ਇਸ ਤਰ੍ਹਾਂ ਰਹੀ :
-ਜਲੰਧਰ ਈਸਟ : 43.93 ਫ਼ੀਸਦੀ
-ਆਦਮਪੁਰ : 44.04 ਫ਼ੀਸਦੀ
-ਭੋਗਪੁਰ : 46.13 ਫ਼ੀਸਦੀ
-ਜਲੰਧਰ ਵੈਸਟ : 43.57 ਫ਼ੀਸਦੀ
-ਲੋਹੀਆਂ ਖਾਸ : 52.69 ਫ਼ੀਸਦੀ
-ਮਹਿਤਪੁਰ : 45.76 ਫ਼ੀਸਦੀ
-ਨੂਰਮਹਿਲ : 48.84 ਫ਼ੀਸਦੀ
-ਫਿਲੌਰ : 41.45 ਫ਼ੀਸਦੀ
-ਸ਼ਾਹਕੋਟ : 49.06 ਫ਼ੀਸਦੀ
-ਰੁੜਕਾ ਕਲਾਂ : 43.76 ਫ਼ੀਸਦੀ 
-ਨਕੋਦਰ : 45.86 ਫ਼ੀਸਦੀ

ਇਹ ਵੀ ਪੜ੍ਹੋ: Punjab:ਲਾਲ ਚੂੜਾ ਪਾ ਤੇ ਹੱਥਾਂ 'ਤੇ ਮਹਿੰਦੀ ਲਗਾ ਕੇ ਲਾੜੇ ਦੀ ਉਡੀਕ ਕਰਦੀ ਰਹੀ ਲਾੜੀ, ਐਨ ਮੌਕੇ 'ਤੇ ਮੁੰਡੇ ਨੇ...

17 ਦਸੰਬਰ ਨੂੰ ਹੋਵੇਗੀ ਵੋਟਾਂ ਦੀ ਗਿਣਤੀ, ਬੈਲੇਟ ਬਕਸਿਆਂ ਦੀ ਸੁਰੱਖਿਆ ਲਈ ਕੀਤੇ ਸਖ਼ਤ ਪ੍ਰਬੰਧ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਇਸ ਦੇ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਗਿਣਤੀ ਕੇਂਦਰਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ ਅਤੇ ਸਿਰਫ਼ ਅਧਿਕਾਰਤ ਕਰਮਚਾਰੀਆਂ ਨੂੰ ਹੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਗਿਣਤੀ ਪ੍ਰਕਿਰਿਆ ਪੂਰੀ ਪਾਰਦਰਸ਼ਿਤਾ ਨਾਲ ਮੁਕੰਮਲ ਕਰਵਾਈ ਜਾਵੇਗੀ।

ਡਾ. ਅਗਰਵਾਲ ਨੇ ਦੱਸਿਆ ਕਿ ਵੋਟਿੰਗ ਤੋਂ ਬਾਅਦ ਸਾਰੇ ਬੈਲੇਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਇਕ ਸਟਰਾਂਗ ਰੂਮ ਵਿਚ ਰੱਖਿਆ ਗਿਆ ਹੈ, ਜਿੱਥੇ 24 ਘੰਟੇ ਸੁਰੱਖਿਆ ਬਲ ਤਾਇਨਾਤ ਹਨ। ਸਟਰਾਂਗ ਰੂਮ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਜਾਂ ਗੜਬੜੀ ਦੀ ਸੰਭਾਵਨਾ ਨਾ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਵੋਟਾਂ ਦੀ ਗਿਣਤੀ ਕਰਨ ਵਾਲੇ ਕਰਮਚਾਰੀਆਂ ਨੂੰ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ ਤਾਂ ਜੋ ਨਤੀਜੇ ਸਮੇਂ ਸਿਰ ਅਤੇ ਸਹੀ ਢੰਗ ਨਾਲ ਐਲਾਨੇ ਜਾ ਸਕਣ।

ਇਹ ਵੀ ਪੜ੍ਹੋ: ਪੰਜਾਬ ਦੇ Weather ਦੀ ਨਵੀਂ ਅਪਡੇਟ! 17 ਦਸੰਬਰ ਤੱਕ ਵਿਭਾਗ ਨੇ ਦਿੱਤੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News