ਹੁਣ ਪਾਕਿਸਤਾਨ ''ਚ ''ਡੈਲਟਾ'' ਵੈਰੀਐਂਟ ਨੇ ਮਚਾਇਆ ਕਹਿਰ, ਮਰੀਜ਼ਾਂ ਨਾਲ ਭਰੇ ਹਸਪਤਾਲ

07/21/2021 3:29:58 PM

ਇਸਲਾਮਾਬਾਦ (ਬਿਊਰੋ): ਭਾਰਤ ਵਿਚ ਤਬਾਹੀ ਮਚਾਉਣ ਮਗਰੋਂ ਹੁਣ ਕੋਰੋਨਾ ਵਾਇਰਸ ਦਾ ਜਾਨਲੇਵਾ 'ਡੈਲਟਾ' ਵੈਰੀਐਂਟ ਪਾਕਿਸਤਾਨ ਪਹੁੰਚ ਚੁੱਕਾ ਹੈ ਅਤੇ ਇੱਥੇ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਤ ਇਹ ਹਨ ਕਿ ਪਾਕਿਸਤਾਨ ਦੇ ਮੁੰਬਈ ਕਹੇ ਜਾਣ ਵਾਲੇ ਕਰਾਚੀ ਸ਼ਹਿਰ ਵਿਚ ਪ੍ਰਾਈਵੇਟ ਹਸਪਤਾਲ ਭਰ ਗਏ ਹਨ ਅਤੇ ਮਰੀਜ਼ਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੇ ਕਿਹਾ ਹੈ ਕਿ ਕਰਾਚੀ ਸ਼ਹਿਰ ਵਿਚ ਕੋਰੋਨਾ ਵਾਇਰਸ ਨਾਲ ਹਾਲਾਤ ਬਹੁਤ ਖਰਾਬ ਹੁੰਦੇ ਜਾ ਰਹੇ ਹਨ।

ਸੂਬਾਈ ਸਰਕਾਰ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੇ ਬਚਾਅ ਦੇ ਉਪਾਅ ਨਹੀਂ ਕੀਤੇ ਤਾਂ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋ ਸਕਦੇ ਹਨ। ਸਿੰਧ ਦੀ ਰਾਜਧਾਨੀ ਕਰਾਚੀ ਵਿਚ ਕੋਰੋਨਾ ਦੇ ਪਾਜ਼ੇਟਿਵ ਹੋਣ ਦੀ ਦਰ 25.7 ਫੀਸਦੀ ਤੱਕ ਪਹੁੰਚ ਗਈ ਜੋ ਪਾਕਿਸਤਾਨ ਦੇ ਕੁੱਲ 5.25 ਫੀਸਦੀ ਤੋਂ ਪੰਜ ਗੁਣਾ ਹੈ। ਪਾਕਿਸਤਾਨ ਮੈਡੀਕਲ ਸੰਘ ਦੇ ਜਨਰਲ ਸਕੱਤਰ ਡਾਕਟਰ ਕੈਸਰ ਸੱਜਾਦ ਨੇ ਕਿਹਾ ਕਿ ਪ੍ਰਾਈਵੇਟ ਹੀ ਨਹੀਂ ਸਗੋਂ ਸਰਕਾਰੀ ਹਸਪਤਾਲਾਂ ਦੇ ਹਾਲਾਤ ਵੀ ਬਹੁਤ ਖਰਾਬ ਹਨ। ਇੱਥੇ ਵੀ ਹੋਰ ਮਰੀਜ਼ਾਂ ਨੂੰ ਦਾਖਲ ਕਰਨਾ ਬੰਦ ਕੀਤਾ ਜਾ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਬਿਨਾਂ ਕੋਰੋਨਾ ਵੈਕਸੀਨ ਲੱਗੇ ਜ਼ਿਆਦਾਤਰ ਲੋਕ ਹਸਪਤਾਲਾਂ 'ਚ ਦਾਖਲ

ਪ੍ਰਸ਼ਾਸਨ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਈਦ ਮੌਕੇ ਲੋਕਾਂ ਦਾ ਗੈਰ ਜ਼ਿੰਮੇਵਾਰ ਵਿਵਹਾਰ ਇਸ ਸਮੱਸਿਆ ਨੂੰ ਹੋਰ ਜ਼ਿਆਦਾ ਵਧਾਏਗਾ। ਈਦ ਮਨਾਉਣ ਕਰਾਚੀ ਆਏ ਵੱਡੀ ਗਿਣਤੀ ਵਿਚ ਲੋਕ ਆਪਣੇ ਪਿੰਡ ਅਤੇ ਦੂਜੇ ਸ਼ਹਿਰ ਪਰਤ ਰਹੇ ਹਨ। ਇਸ ਨਾਲ ਪਾਕਿਸਤਾਨ ਦੇ ਹੋਰ ਖੇਤਰਾਂ ਵਿਚ ਵੀ ਡੈਲਟਾ ਵੈਰੀਐਂਟ ਫੈਲਣ ਦਾ ਖਤਰਾ ਵੱਧ ਗਿਆ ਹੈ। ਕਰਾਚੀ ਵਿਚ ਇਸ ਸਮੇਂ ਕੋਰੋਨਾ ਦੇ ਕੁੱਲ ਮਰੀਜ਼ਾਂ ਵਿਚੋਂ 92.2 ਫੀਸਦੀ ਮਾਮਲੇ ਡੈਲਟਾ ਵੈਰੀਐਂਟ ਦੇ ਹਨ। ਇੱਥੋਂ ਦੇ ਸਭ ਤੋਂ ਵੱਡੇ ਜਿੰਨਾਹ ਹਸਪਤਾਲ ਵਿਚ 90 ਵਿਚੋਂ 77 ਬੈੱਡ ਮਰੀਜ਼ਾਂ ਨਾਲ ਭਰ ਚੁੱਕੇ ਹਨ। ਅਧਿਕਾਰੀਆਂ ਨੇ ਇਹ ਚਿਤਾਵਨੀ ਵੀ ਦਿੱਤੀ ਕਿ ਈਦ ਅਲ ਅਜਹਾ ਅਤੇ ਮਕਬੂਜ਼ਾ ਕਸ਼ਮੀਰ ਵਿਚ ਹੋਣ ਵਾਲੀਆਂ ਚੋਣਾਂ ਕੋਰੋਨਾ ਦੇ ਮਾਮਲੇ ਵਿਚ ਵਾਧਾ ਕਰ ਸਕਦੇ ਹਨ। ਪਿਛਲੇ 24 ਘੰਟੇ ਵਿਚ ਸਿੰਧ ਸੂਬੇ ਵਿਚ 1648 ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ 1366 ਇਕੱਲੇ ਕਰਾਚੀ ਵਿਚ ਹਨ। ਇਸ ਸੂਬੇ ਵਿਚ ਕੋਰੋਨਾ ਕਾਰਨ ਹੁਣ ਤੱਕ 5756 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਨੋਟ- ਪਾਕਿਸਤਾਨ ਵਿਚ ਕੋਰੋਨਾ ਨਾਲ ਬਦਤਰ ਹੋ ਰਹੀ ਸਥਿਤੀ 'ਤੇ ਦਿਓ ਆਪਣੀ ਰਾਏ।
 


Vandana

Content Editor

Related News