ਜਲੰਧਰ ਦੇ ਨਿੱਜੀ ਹਸਪਤਾਲ ’ਚ ਔਰਤ ਦੀ ਮੌਤ, ਪਰਿਵਾਰ ਵਾਲਿਆਂ ਨੇ ਕੀਤਾ ਹੰਗਾਮਾ
Monday, Feb 09, 2026 - 12:04 PM (IST)
ਜਲੰਧਰ (ਮਹੇਸ਼)-ਰਾਮਾ ਮੰਡੀ ਦੇ ਗੁੱਡਵਿਲ ਹਸਪਤਾਲ ਵਿਚ ਐਤਵਾਰ ਸ਼ਾਮ ਨੂੰ ਇਕ 31 ਸਾਲਾ ਔਰਤ ਮਰੀਜ਼ ਦੀ ਮੌਤ ਹੋ ਜਾਣ ’ਤੇ ਉਸ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਬਾਹਰ ਜ਼ਬਰਦਸਤ ਹੰਗਾਮਾ ਕੀਤਾ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਮ੍ਰਿਤਕਾ ਦੇ ਵਾਰਿਸਾਂ ਨੂੰ ਪੂਰੇ ਇਨਸਾਫ਼ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਮ੍ਰਿਤਕਾ ਦੀ ਪਛਾਣ ਉਪਕਾਰ ਕੌਰ ਪਤਨੀ ਰਘਬੀਰ ਸਿੰਘ ਨਿਵਾਸੀ ਦੀਪ ਨਗਰ (ਜਲੰਧਰ ਕੈਂਟ) ਵਜੋਂ ਹੋਈ ਹੈ, ਜੋ ਆਪਣੇ ਪਿੱਛੇ ਇਕ ਸਾਲ ਦੀ ਬੇਟੀ ਛੱਡ ਗਈ ਹੈ। ਰਘਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਉਪਕਾਰ ਕੌਰ ਦਾ ਬੀ. ਪੀ. (ਬਲੱਡ ਪ੍ਰੈਸ਼ਰ) ਘੱਟ ਹੋਣ ’ਤੇ ਉਹ ਐਤਵਾਰ ਲਗਭਗ 3 ਵਜੇ ਉਸ ਨੂੰ ਗੁੱਡਵਿਲ ਹਸਪਤਾਲ ਲੈ ਕੇ ਆਏ ਸਨ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਤੋਂ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਮੁਅੱਤਲ 2 ਸੀਨੀਅਰ IPS ਅਧਿਕਾਰੀਆਂ ਦੀ ਚਾਰਜਸ਼ੀਟ ਜਨਤਕ ਕਰੇ 'ਆਪ' ਸਰਕਾਰ : ਸੁਖਜਿੰਦਰ ਰੰਧਾਵਾ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦਾ ਪਹਿਲਾਂ ਵੀ ਇਸੇ ਹਸਪਤਾਲ ਵਿਚ ਗਠੀਏ ਦਾ ਇਲਾਜ ਚੱਲਦਾ ਸੀ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਦੀ ਪਤਨੀ ਦਾ ਬੀ. ਪੀ. ਹੀ ਘਟਿਆ ਸੀ ਅਤੇ ਉਹ ਬਿਲਕੁਲ ਨਾਰਮਲ ਹਾਲਤ ਵਿਚ ਹਸਪਤਾਲ ਪਹੁੰਚੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਡਾਕਟਰ ਰਣਜੀਤ ਵੱਲੋਂ ਉਨ੍ਹਾਂ ਦੀ ਪਤਨੀ ਨੂੰ ਗਲਤ ਦਵਾਈ ਦਿੱਤੇ ਜਾਣ ਕਾਰਨ ਉਸ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਦਵਾਈ ਲੈਣ ਤੋਂ ਬਾਅਦ ਪਤਨੀ ਦੀ ਹਾਲਤ ਵਿਗੜ ਗਈ ਤਾਂ ਹਸਪਤਾਲ ਦਾ ਸਟਾਫ਼ ਉਸ ਨੂੰ ਆਈ. ਸੀ. ਯੂ. ਵਿਚ ਲੈ ਗਿਆ ਅਤੇ ਵੈਂਟੀਲੇਟਰ ’ਤੇ ਪਾ ਦਿੱਤਾ। ਕੁਝ ਹੀ ਸਮੇਂ ਬਾਅਦ ਸਟਾਫ਼ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ।
ਪਰਿਵਾਰ ਨੇ ਦੋਸ਼ ਲਾਇਆ ਕਿ ਉਪਕਾਰ ਕੌਰ ਨੂੰ ਆਈ. ਸੀ. ਯੂ. ਵਿਚ ਲਿਜਾਣ ਅਤੇ ਵੈਂਟੀਲੇਟਰ ’ਤੇ ਪਾਉਣ ਬਾਰੇ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਸਾਈਨ ਕਰਵਾਏ ਗਏ। ਉਨ੍ਹਾਂ ਕਿਹਾ ਕਿ ਡਾਕਟਰ ਰਣਜੀਤ ਉਨ੍ਹਾਂ ਨੂੰ ਕੁਝ ਦੱਸੇ ਬਿਨਾਂ ਹੀ ਹਸਪਤਾਲ ਤੋਂ ਫ਼ਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਬਲਕਰਨ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ 'ਚ ਬਦਲਾਅ! 13 ਫਰਵਰੀ ਤੱਕ ਵਿਭਾਗ ਦੀ ਵੱਡੀ ਭਵਿੱਖਬਾਣੀ, ਬਾਰਿਸ਼ ਨੂੰ ਲੈ ਕੇ ਦਿੱਤੇ ਇਹ ਸੰਕੇਤ
ਬੀ. ਪੀ. ਬਹੁਤ ਘੱਟ ਹੋਣ ਕਾਰਨ ਹੋਈ ਮਰੀਜ਼ ਦੀ ਮੌਤ : ਡਾ. ਸੁਨੀਲ ਸ਼ਰਮਾ
ਗੁੱਡਵਿਲ ਹਸਪਤਾਲ ਦੇ ਮਾਲਕ ਡਾ. ਸੁਨੀਲ ਸ਼ਰਮਾ ਨੇ ਮਰੀਜ਼ ਦੀ ਹੋਈ ਮੌਤ ਦੇ ਮਾਮਲੇ ਵਿਚ ਕਿਹਾ ਕਿ ਉਪਕਾਰ ਕੌਰ ਦਾ ਉਨ੍ਹਾਂ ਕੋਲ ਕਾਫ਼ੀ ਸਮੇਂ ਤੋਂ ਗਠੀਏ ਦੀ ਬੀਮਾਰੀ ਦਾ ਇਲਾਜ ਚੱਲ ਰਿਹਾ ਹੈ, ਜਿਸ ਕਾਰਨ ਉਹ ਅਕਸਰ ਉਨ੍ਹਾਂ ਦੇ ਹਸਪਤਾਲ ਵਿਚ ਆਉਂਦੀ ਰਹਿੰਦੀ ਸੀ। ਬੀਤੀ ਸ਼ਾਮ 3 ਵਜੇ ਜਦੋਂ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਬੀ. ਪੀ. ਬਹੁਤ ਘੱਟ ਸੀ, ਜਿਸ ਨੂੰ ਨਾਰਮਲ ਸਥਿਤੀ ਵਿਚ ਲਿਆਉਣ ਲਈ ਉਨ੍ਹਾਂ ਵੱਲੋਂ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ। ਉਸ ਨੂੰ ਦਿੱਤੀ ਗਈ ਦਵਾਈ ਨਾਲ ਜਦੋਂ ਮਰੀਜ਼ ਦੀ ਹਾਲਤ ਵਿਚ ਸੁਧਾਰ ਨਾ ਹੋਇਆ ਤਾਂ ਉਸ ਨੂੰ ਆਈ. ਸੀ. ਯੂ. ਵਿਚ ਸ਼ਿਫਟ ਕਰਨਾ ਪਿਆ। ਜਦੋਂ ਉਸ ਦੀ ਹਾਰਟ ਬੀਟ (ਦਿਲ ਦੀ ਧੜਕਣ) ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਉਸ ਨੂੰ ਵੈਂਟੀਲੇਟਰ ’ਤੇ ਲਿਆਉਣ ਦੀ ਸਥਿਤੀ ਪੈਦਾ ਹੋ ਗਈ, ਜਿਸ ਦੌਰਾਨ ਉਸ ਨੇ ਸ਼ਾਮ ਲਗਭਗ 4.45 ਵਜੇ ਦਮ ਤੋੜ ਦਿੱਤਾ।
ਡਾ. ਸੁਨੀਲ ਸ਼ਰਮਾ ਨੇ ਕਿਹਾ ਕਿ ਉਪਕਾਰ ਕੌਰ ਉਨ੍ਹਾਂ ਦੀ ਪੁਰਾਣੀ ਮਰੀਜ਼ ਸੀ। ਉਹ ਕਿਉਂ ਚਾਹੁਣਗੇ ਕਿ ਗਲਤ ਇਲਾਜ ਕਾਰਨ ਉਸ ਦੀ ਮੌਤ ਹੋ ਜਾਵੇ। ਉਨ੍ਹਾਂ ਕਿਹਾ ਕਿ ਬੀ. ਪੀ. ਕੰਟਰੋਲ ਨਾ ਆਉਣ ਕਾਰਨ ਅਤੇ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਉਸ ਦੀ ਮੌਤ ਹੋਈ। ਹਸਪਤਾਲ ਵੱਲੋਂ ਉਸ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਗਏ ਸਨ।
ਇਹ ਵੀ ਪੜ੍ਹੋ:ਪੰਜਾਬ ਨੂੰ ਲੁੱਟਣ ਵਾਲੇ CM ਮਾਨ ਨੂੰ ਸਾਥੀਆਂ ਸਣੇ ਕਟਹਿਰੇ 'ਚ ਕਰਾਂਗੇ ਖੜ੍ਹਾ, ਬਾਜਵਾ ਦਾ 'ਆਪ' 'ਤੇ ਤਿੱਖਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
