9 ਸਾਲ ਦੇ ਭਾਰਤੀ ਬੱਚੇ ਨੇ ਜਿੱਤੀ ਵੀਜ਼ੇ ਦੀ ਲੜਾਈ, ਹੁਨਰ ਕਾਰਨ ਹੋਈਆਂ ਸਲਾਮਾਂ

Sunday, Aug 12, 2018 - 02:06 PM (IST)

ਲੰਡਨ— ਭਾਰਤੀ ਸ਼ਤਰੰਜ ਖਿਡਾਰੀ ਸ਼੍ਰੇਅਸ ਰੋਆਲ ਨੇ ਆਪਣੇ ਪਿਤਾ ਦੇ ਵਰਕ ਵੀਜ਼ੇ ਦਾ ਸਮਾਂ ਖਤਮ ਹੋਣ ਦੇ ਬਾਅਦ ਵੀ ਬ੍ਰਿਟੇਨ 'ਚ ਰਹਿਣ ਦੀ ਲੜਾਈ ਜਿੱਤ ਲਈ ਹੈ। ਬ੍ਰਿਟੇਨ ਸਰਕਾਰ ਨੇ ਸ਼ਨੀਵਾਰ ਨੂੰ 9 ਸਾਲਾ ਸ਼੍ਰੇਅਸ ਦੇ ਖਾਸ ਹੁਨਰ ਨੂੰ ਦੇਖਦੇ ਹੋਏ ਉਸ ਨੂੰ ਛੋਟ ਦਿੱਤੀ ਹੈ। ਦੋ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਵੀ ਬੱਚੇ ਦਾ ਸਾਥ ਦਿੱਤਾ ਹੈ।


ਸ਼੍ਰੇਅਸ ਨੇ ਕੌਮਾਂਤਰੀ ਚੈੱਸ ਮੁਕਾਬਲੇ 'ਚ ਇੰਗਲੈਂਡ ਦੀ ਅਗਵਾਈ ਕੀਤੀ ਸੀ। ਫਿਲਹਾਲ ਉਹ ਬ੍ਰਿਟਿਸ਼ ਚੈਂਪੀਅਨਸ਼ਿਪ ਖੇਡ ਰਿਹਾ ਹੈ। ਉਹ ਆਪਣੀ ਉਮਰ ਵਰਗ 'ਚ ਦੁਨੀਆ ਦਾ ਚੌਥੇ ਨੰਬਰ ਦਾ ਖਿਡਾਰੀ ਹੈ।ਸ਼੍ਰੇਅਸ ਦੇ ਪਿਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਗ੍ਰਹਿ ਵਿਭਾਗ ਨੇ ਉਨ੍ਹਾਂ ਨੂੰ ਈ-ਮੇਲ ਕਰਕੇ ਸੂਚਿਤ ਕੀਤਾ ਹੈ ਕਿ ਉਹ ਟੀਅਰ-2(ਸਾਧਾਰਣ) ਰੂਟ ਤਹਿਤ ਆਪਣੀ ਵੀਜ਼ਾ ਮਿਆਦ ਵਧਾਉਣ ਲਈ ਅਰਜ਼ੀ ਦੇ ਸਕਦੇ ਹਨ। ਸਰਕਾਰ ਦੇ ਫੈਸਲੇ ਦਾ ਇੰਗਲਿਸ਼ ਚੈੱਸ ਫੈਡਰੇਸ਼ਨ ਨੇ ਸਵਾਗਤ ਕੀਤਾ ਹੈ। 


ਜਤਿੰਦਰ ਸਿੰਘ ਦੇ ਵੀਜ਼ੇ ਦੀ ਮਿਆਦ ਸਤੰਬਰ ਮਹੀਨੇ ਪੂਰੀ ਹੋ ਰਹੀ ਹੈ। ਸ਼੍ਰੇਅਸ ਦਾ ਜਨਮ ਭਾਰਤ 'ਚ ਹੋਇਆ ਸੀ ਅਤੇ ਉਹ 3 ਸਾਲ ਦੀ ਉਮਰ 'ਚ ਆਪਣੇ ਮਾਂ-ਬਾਪ ਨਾਲ ਇੰਗਲੈਂਡ ਆ ਗਿਆ ਸੀ । 6 ਸਾਲ ਤੋਂ ਉਹ ਇੱਥੇ ਰਹਿ ਰਹੇ ਹਨ ਪਰ ਹੁਣ ਉਸ ਦੇ ਪਿਤਾ ਦਾ ਵੀਜ਼ਾ ਖਤਮ ਹੋ ਗਿਆ ਹੈ ਅਤੇ ਇਸੇ ਲਈ ਉਸ ਨੂੰ ਭਾਰਤ ਆਉਣਾ ਪੈਣਾ ਸੀ ਪਰ ਬ੍ਰਿਟੇਨ ਨੇ ਉਸ ਦੇ ਹੁਨਰ ਨੂੰ ਦੇਖਦਿਆਂ ਉਸ ਨੂੰ ਵੀਜ਼ਾ ਦੇ ਦਿੱਤਾ ਹੈ। ਇਕ ਹੋਰ ਤਰੀਕੇ ਮੁਤਾਬਕ ਜਤਿੰਦਰ ਆਪਣੇ ਵੀਜ਼ੇ ਨੂੰ ਅੱਗੇ ਵਧਾ ਸਕਦੇ ਹਨ ਪਰ ਜੇਕਰ ਉਨ੍ਹਾਂ ਦੀ ਸਾਲਾਨਾ ਤਨਖਾਹ 120,000 ਪੌਂਡ ਹੋ ਜਾਵੇ। ਇਕ ਸੰਸਦ ਮੈਂਬਰ ਨੇ ਕਿਹਾ,''ਸਰਕਾਰ ਇਕ ਸ਼ਤਰੰਜ ਖਿਡਾਰੀ ਨੂੰ ਦੇਸ਼ ਛੱਡਣ ਲਈ ਮਜਬੂਰ ਕਰਨ ਦੀ ਯੋਜਨਾ ਬਣਾ ਰਹੀ ਹੈ ਕਿਉਂਕਿ ਉਸ ਦੇ ਪਿਤਾ ਸਾਲਾਨਾ 120,000 ਪੌਂਡ ਨਹੀਂ ਕਮਾਉਂਦੇ।'' ਜਤਿੰਦਰ ਨੇ ਦੱਸਿਆ ਕਿ ਬੱਚਾ ਆਪਣੇ ਚੰਗੇ ਭਵਿੱਖ ਲਈ ਬ੍ਰਿਟੇਨ 'ਚ ਹੀ ਰਹਿਣਾ ਚਾਹੁੰਦਾ ਹੈ। ਅਸੀਂ ਆਸ ਕਰਦੇ ਹਾਂ ਕਿ ਉਹ ਆਪਣੇ ਸਾਰੇ ਸੁਪਨੇ ਪੂਰੇ ਕਰ ਸਕੇ।


Related News