ਚੰਡੀਗੜ੍ਹ ਹਵਾਈ ਅੱਡੇ ਤੋਂ ਇੰਡੀਗੋ ਦੀਆਂ 9 ਉਡਾਣਾਂ ਰੱਦ, ਕਈ 30 ਤੋਂ 45 ਮਿੰਟ ਲੇਟ

Tuesday, Dec 09, 2025 - 09:53 AM (IST)

ਚੰਡੀਗੜ੍ਹ ਹਵਾਈ ਅੱਡੇ ਤੋਂ ਇੰਡੀਗੋ ਦੀਆਂ 9 ਉਡਾਣਾਂ ਰੱਦ, ਕਈ 30 ਤੋਂ 45 ਮਿੰਟ ਲੇਟ

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨਜ਼ ਦੇ ਆਪਰੇਟਿੰਗ ਸਿਸਟਮ ’ਚ ਆਈ ਖ਼ਰਾਬੀ ਕਾਰਨ 6ਵੇਂ ਦਿਨ 9 ਉਡਾਣਾਂ ਰੱਦ ਕੀਤੀਆਂ ਗਈਆਂ ਅਤੇ ਜਿਹੜੀਆਂ ਉਡਾਣਾਂ ਚੱਲ ਰਹੀਆਂ ਸਨ, ਉਹ ਆਪਣੇ ਤੈਅ ਸਮੇਂ ਤੋਂ 30 ਤੋਂ 45 ਮਿੰਟ ਦੀ ਦੇਰੀ ਨਾਲ ਚੱਲੀਆਂ। ਜਾਣਕਾਰੀ ਮੁਤਾਬਕ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਸੋਮਵਾਰ ਨੂੰ 5 ਡਿਪਾਰਚਰ ਅਤੇ ਚਾਰ ਅਰਾਈਵਲ ਉਡਾਣਾਂ ਰੱਦ ਕੀਤੀਆਂ ਗਈਆਂ, ਜਿਸ ਨਾਲ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 61 ਹੋ ਗਈ। ਹਾਲਾਂਕਿ ਸੋਮਵਾਰ ਨੂੰ ਏਅਰਪੋਰਟ ਅਥਾਰਟੀ ਵੱਲੋਂ ਸਥਾਪਿਤ ਕੰਟਰੋਲ ਰੂਮ ਤੋਂ ਯਾਤਰੀਆਂ ਨੂੰ ਬਹੁਤ ਫ਼ਾਇਦਾ ਹੋਇਆ ਤੇ ਇੰਡੀਗੋ ਦੇ ਕਾਊਂਟਰਾਂ ’ਤੇ ਯਾਤਰੀਆਂ ਦੀ ਭੀੜ ਨਹੀਂ ਸੀ। ਇਸ ਦੇ ਨਾਲ ਹੀ ਏਅਰਪੋਰਟ ਅਥਾਰਟੀ ਦੀ ਮਦਦ ਲਈ ਰੇਲਵੇ ਨੇ ਵੀ ਆਪਣਾ ਹੈਲਪ ਡੈਸਕ ਸ਼ੁਰੂ ਕੀਤਾ ਹੈ, ਜੋ ਯਾਤਰੀਆਂ ਦੀ ਮਦਦ ਕਰ ਰਿਹਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦਿੱਲੀ ਜਾਣ ਵਾਲੀਆਂ ਲਗਜ਼ਰੀ ਟਰੇਨਾਂ ਫੁਲ ਹਨ ਤੇ ਵੇਟਿੰਗ 50 ਤੋਂ ਜ਼ਿਆਦਾ ਹੋ ਗਈ ਹੈ। ਟਰੇਨ ਨੰਬਰ 22448 ਵੰਦੇ ਭਾਰਤ ਮੰਗਲਵਾਰ ਨੂੰ ਬੰਦ ਰਹਿੰਦੀ ਹੈ, ਜਿਸ ਕਾਰਨ ਚੰਡੀਗੜ੍ਹ-ਅਜਮੇਰ ਵੰਦੇ ਭਾਰਤ ਟਰੇਨ ’ਚ ਵੇਟਿੰਗ 50 ਹੋ ਗਈ ਤੇ 3 ਸ਼ਤਾਬਦੀ ਦੇ ਇਕਾਨਮੀ ਕਲਾਸ ’ਚ 10 ਤੋਂ ਵੱਧ ਵੇਟਿੰਗ ਹੋ ਗਈ ਹੈ।
ਅੰਬਾਲਾ ਮੰਡਲ ਨੇ ਹਵਾਈ ਅੱਡੇ ’ਤੇ ਬਣਾਇਆ ਹੈਲਪ ਡੈਸਕ
ਇੰਡੀਗੋ ਏਅਰਲਾਈਨਜ਼ ਕਾਰਨ ਪੈਦਾ ਹੋਏ ਹਾਲ ਹੀ ਦੇ ਆਪਰੇਟਿੰਗ ਸੰਕਟ ਨੂੰ ਧਿਆਨ ’ਚ ਰੱਖਦਿਆਂ ਉੱਤਰ ਰੇਲਵੇ ਅੰਬਾਲਾ ਮੰਡਲ ਨੇ ਯਾਤਰੀਆਂ ਦੀ ਸਹੂਲਤ ਨੂੰ ਤਰਜ਼ੀਹ ਦਿੰਦਿਆਂ ਮੋਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਵਿਸ਼ੇਸ਼ ਰੇਲਵੇ ਸਹਾਇਤਾ ਕੇਂਦਰ ਸਥਾਪਤ ਕੀਤਾ ਹੈ। ਇਸ ਹੈਲਪ ਡੈਸਕ ਦਾ ਮੁੱਖ ਉਦੇਸ਼ ਹਵਾਈ ਮਾਰਗ ਤੋਂ ਜਾਣ ਵਾਲੇ ਉਨ੍ਹਾਂ ਯਾਤਰੀਆਂ ਨੂੰ ਮਾਰਗ ਦਰਸ਼ਨ ਤੇ ਵਿਕਲਪ ਪ੍ਰਦਾਨ ਕਰਨਾ ਹੈ, ਜੋ ਰੇਲ ਰਾਹੀਂ ਆਪਣੀ ਯਾਤਰਾ ਜਾਰੀ ਰੱਖਣਾ ਚਾਹੁੰਦੇ ਹਨ। ਰੇਲਵੇ ਕਰਮਚਾਰੀ ਲਗਾਤਾਰ ਹਵਾਈ ਅੱਡੇ ’ਤੇ ਮੌਜੂਦ ਰਹਿ ਕੇ ਯਾਤਰੀਆਂ ਨੂੰ ਉਪਲੱਬਧ ਟਰੇਨਾਂ, ਸਮਾਂ-ਸਾਰਣੀਆਂ, ਟਿਕਟ ਬੁਕਿੰਗ, ਵਾਧੂ ਕੋਚ ਪ੍ਰਬੰਧਾਂ ਤੇ ਵਿਕਲਪਿਕ ਯਾਤਰੀ ਸੇਵਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਰਹੇ ਹਨ। ਪਿਛਲੇ ਕੁੱਝ ਦਿਨਾਂ ਤੋਂ ਇੰਡੀਗੋ ਏਅਰਲਾਈਨਜ਼ ਦੇ ਪ੍ਰਭਾਵਿਤ ਯਾਤਰੀਆਂ ਦੀ ਵੱਧਦੀ ਮੰਗ ਦੇ ਮੱਦੇਨਜ਼ਰ ਸ਼ਤਾਬਦੀ ਸਮੇਤ ਵੱਖ-ਵੱਖ ਟਰੇਨਾਂ ’ਚ ਵਾਧੂ ਕੋਚ ਜੋੜੇ ਜਾ ਰਹੇ ਹਨ, ਤਾਂ ਜੋ ਕਿਸੇ ਵੀ ਯਾਤਰੀ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਰੇਲਵੇ ਇਹ ਵੀ ਮੁਲਾਂਕਣ ਕਰ ਰਿਹਾ ਹੈ ਕਿ ਮੌਜੂਦਾ ਸਥਿਤੀ ਦੇ ਆਧਾਰ ’ਤੇ ਕਿੰਨੇ ਵਾਧੂ ਕੋਚ ਅਤੇ ਵਿਸ਼ੇਸ਼ ਸੇਵਾਵਾਂ ਦੀ ਲੋੜ ਹੋ ਸਕਦੀ ਹੈ।
ਇੰਡੀਗੋ ਦੀ ਫਲਾਈਟ ਰੱਦ ਹੋਣ ਕਾਰਨ ਟਰੇਨਾਂ ’ਤੇ ਪਿਆ ਅਸਰ
ਇੰਡੀਗੋ ਏਅਰਲਾਈਨਜ਼ ਦੇ ਆਪਰੇਟਿੰਗ ਸਿਸਟਮ ’ਚ ਆਈ ਖ਼ਰਾਬੀ ਕਾਰਨ ਯਾਤਰੀਆਂ ਦਾ ਰੁਝਾਨ ਲਗਜ਼ਰੀ ਟਰੇਨਾਂ ਵੱਲ ਵਧ ਗਿਆ ਹੈ। ਮੰਗਲਵਾਰ ਨੂੰ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀ 1 ਵੰਦੇ ਭਾਰਤ ਤੇ 3 ਸ਼ਤਾਬਦੀ ਟਰੇਨਾਂ ’ਚ ਫੁਲ ਟਿਕਟ ਜਾ ਰਹੀ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਸਵੇਰੇ ਦਿੱਲੀ ਜਾਣ ਵਾਲੀ ਸ਼ਤਾਬਦੀ ਟਰੇਨ ਦੀ ਚੇਅਰ ਕਾਰ ਅਤੇ ਇਕਾਨਮੀ ਕਲਾਸ ’ਚ ਸ਼ਾਮ 7 ਵਜੇ ਤੱਕ ਵੇਟਿੰਗ ਜ਼ਿਆਦਾ ਹੋ ਗਈ ਹੈ। ਜਿਸ ਦਾ ਅਸਰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲ ਰਿਹਾ ਹੈ।


author

Babita

Content Editor

Related News