ਨੇਪਾਲੀ ਸ਼ੇਰਪਾ ਨੇ ਐਵਰੈਸਟ ਫਤਿਹ ਕਰ 24ਵੀਂ ਵਾਰ ਤੋੜਿਆ ਆਪਣਾ ਹੀ ਰਿਕਾਰਡ

Tuesday, May 21, 2019 - 05:25 PM (IST)

ਨੇਪਾਲੀ ਸ਼ੇਰਪਾ ਨੇ ਐਵਰੈਸਟ ਫਤਿਹ ਕਰ 24ਵੀਂ ਵਾਰ ਤੋੜਿਆ ਆਪਣਾ ਹੀ ਰਿਕਾਰਡ

ਕਾਠਮੰਡੂ (ਏਜੰਸੀ)- ਨੇਪਾਲ ਦੇ 50 ਸਾਲਾ ਪਰਵਤਾਰੋਹੀ ਕਾਮੀ ਰਿਤਾ ਸ਼ੇਰਪਾ ਨੇ ਇਕ ਹਫਤੇ ਦੇ ਅੰਦਰ ਦੂਜੀ ਵਾਰ ਮਾਉਂਟ ਐਵਰੈਸਟ ਦੀ ਸਫਲ ਚੜ੍ਹਾਈ ਕੀਤੀ ਹੈ। ਉਨ੍ਹਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ (8848 ਮੀਟਰ) ਦੀ ਰਿਕਾਰਡ 24ਵੀਂ ਵਾਰ ਚੜ੍ਹਾਈ ਕਰਕੇ ਆਪਣਾ ਹੀ ਰਿਕਾਰਡ ਤੋੜਿਆ। ਐਵਰੈਸਟ ਦੇ ਸ਼ਿਖਰ 'ਤੇ ਸਭ ਤੋਂ ਜ਼ਿਆਦਾ ਵਾਰ ਪਹੁੰਚਣ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਉਨ੍ਹਾਂ ਨੇ ਇਸ ਵਾਰ ਭਾਰਤੀ ਪੁਲਸ ਪਾਰਟੀ ਨੂੰ ਐਵਰੈਸਟ ਤੱਕ ਪਹੁੰਚਣ ਵਿਚ ਗਾਈਡ ਦਾ ਕੰਮ ਕੀਤਾ।

ਉਹ ਬੀਤੀ 5 ਮਈ ਨੂੰ ਇਸ ਚੋਟੀ 'ਤੇ 23ਵੀਂ ਵਾਰ ਪਹੁੰਚੇ ਸਨ। ਪਰਵਤਾਰੋਹਣ ਕੰਪਨੀ ਸੇਵਨ ਸਮਿਟ ਟ੍ਰੈਕਸ ਦੇ ਚੇਅਰਮੈਨ ਮਿੰਗਮਾ ਸ਼ੇਰਪਾ ਨੇ ਕਿਹਾ ਕਿ ਕਾਮੀ ਰਿਤਾ ਮੰਗਲਵਾਰ ਸਵੇਰੇ 6:38 ਵਜੇ ਨੇਪਾਲ ਵਲੋਂ ਐਵਰੈਸਟ 'ਤੇ ਪਹੁੰਚੇ। ਉਹ ਭਾਰਤੀ ਪੁਲਸ ਪਾਰਟੀ ਨੂੰ ਗਾਈਡ ਕਰ ਰਹੇ ਸਨ। ਨੇਪਾਲੀ ਸ਼ੇਰਪਾ ਵਿਦੇਸ਼ੀ ਪਰਵਤਾਰੋਹੀਆਂ ਲਈ ਗਾਈਡ ਦਾ ਕੰਮ ਕਰਦੇ ਹਨ। ਉਹ ਉਨ੍ਹਾਂ ਦੇ ਲਈ ਐਵਰੈਸਟ 'ਤੇ ਚੜ੍ਹਣ ਦਾ ਰਸਤਾ ਤਿਆਰ ਕਰਦੇ ਹਨ। ਬੀਤੀ 14 ਮਈ ਤੋਂ ਸ਼ੁਰੂ ਇਸ ਸੀਜ਼ਨ ਵਿਚ ਪੂਰੀ ਦੁਨੀਆ ਤੋਂ ਤਕਰੀਬਨ ਇਕ ਹਜ਼ਾਰ ਪਰਵਤਾਰੋਹੀ ਐਵਰੈਸਟ ਦੀ ਚੋਟੀ ਫਤਿਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮਿੰਗਮਾ ਨੇ ਦੱਸਿਆ ਕਿ ਕਾਮੀ 25 ਵਾਰ ਮਾਉਂਟ ਐਵਰੈਸਟ ਦੀ ਚੜ੍ਹਾਈ ਕਰਨਾ ਚਾਹੁੰਦੇ ਹਨ। ਉਹ 1994 ਵਿਚ ਪਹਿਲੀ ਵਾਰ ਐਵਰੈਸਟ 'ਤੇ ਚੜ੍ਹੇ ਸਨ। 1995 ਵਿਚ ਜ਼ਮੀਨ ਖਿਸਕਣ ਅਤੇ ਖਰਾਬ ਮੌਸਮ ਕਾਰਨ ਉਨ੍ਹਾਂ ਦੀ ਮੁਹਿੰਮ ਪੂਰੀ ਨਹੀਂ ਹੋ ਸਕੀ ਸੀ। ਪਰ ਉਸ ਤੋਂ ਬਾਅਦ ਐਵਰੈਸਟ 'ਤੇ ਚੜ੍ਹਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਮੀ 8000 ਮੀਟਰ ਤੋਂ ਉੱਚੀ ਵਿਸ਼ਵ ਦੀਆਂ ਦੂਜੀਆਂ ਕਈ ਚੋਟੀਆੰ ਵੀ ਫਤਿਹ ਕਰ ਚੁੱਕੇ ਹਨ। ਇਨ੍ਹਾਂ ਵਿਚ ਕੇ-2 ਅੰਨਪੂਰਣਾ, ਹੋਸਤੇ ਅਤੇ ਚੋ-ਓਯੂ ਸ਼ਾਮਲ ਹਨ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਮੁਤਾਬਕ 1953 ਵਿਚ ਐਡਮੰਡ ਹਿਲੇਰੀ ਅਤੇ ਸ਼ੇਰਪਾ ਤੇਨਜਿੰਗ ਨੋਰਗੇ ਨੇ ਪਹਿਲੀ ਵਾਰ ਐਵਰੈਸਟ ਫਤਿਹ ਕੀਤਾ ਸੀ। ਉਦੋਂ ਤੋਂ 4400 ਤੋਂ ਜ਼ਿਆਦਾ ਪਰਵਤਾਰੋਹੀ ਇਸ ਸ਼ਿਖਰ 'ਤੇ ਚੜ੍ਹ ਚੁੱਕੇ ਹਨ।


author

Sunny Mehra

Content Editor

Related News