ਕੋਰੋਨਾਵਾਇਰਸ: ਨੇਪਾਲ ਨੇ ਭਾਰਤ ਅਤੇ ਚੀਨ ਨਾਲ ਲੱਗੀਆਂ ਸਰਹੱਦਾਂ ਕੀਤੀਆਂ ਬੰਦ

03/23/2020 10:33:45 AM

ਕਾਠਮੰਡੂ– ਭਾਰਤ ਨਾਲ ਜੁੜੇ ਗੁਆਂਢੀ ਦੇਸ਼ ਨੇਪਾਲ ਨੇ ਕੋਰੋਨਾਵਾਇਰਸ ਖਿਲਾਫ ਆਪਣੀ ਕਮਰ ਕੱਸ ਲਈ ਹੈ। ਅਜੇ ਸਿਰਫ 1 ਪਾਜ਼ੀਟਿਵ ਕੇਸ ਦੇਖਣ ਵਾਲੇ ਨੇਪਾਲ ਨੇ ਭਾਰਤ ਅਤੇ ਚੀਨ ਨਾਲ ਲੱਗੀਆਂ ਆਪਣੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਹਨ। ਰਾਜ ਦੀ ਸਰਕਾਰ ਨੇ ਐਤਵਾਰ ਦੇਰ ਸ਼ਾਮ ਨੂੰ ਕੈਬਨਿਟ ਦੀ ਬੈਠਕ ’ਚ ਇਹ ਫੈਸਲਾ ਕੀਤਾ। ਨੇਪਾਲ ਨਾਲ ਭਾਰਤ ਦੇ ਉੱਤਰਾਖੰਡ, ਉੱਤਰ-ਪ੍ਰਦੇਸ਼, ਸਿਕਮ, ਪੱਛਮੀ-ਬੰਗਾਲ ਅਤੇ ਬਿਹਾਰ ਰਾਜਾਂ ਦੀਆਂ ਸਰਹੱਦਾਂ ਲੱਗਦੀਆਂ ਹਨ। 

ਪਹਿਲਾਂ ਹੀ ਚੁੱਕੇ ਸਖਤ ਕਦਮ
ਨੇਪਾਲ ’ਚ ਅਜੇ ਤਕ ਕੋਰੋਨਾਵਾਇਰਸ ਨਾਲ ਇਕ ਸ਼ਖਸ ਪਾਜ਼ੀਟਿਵ ਪਾਇਆ ਗਿਆ ਹੈ। ਹਾਲਾਂਕਿ ਸਰਕਾਰ ਨੇ ਸਾਵਧਾਨੀ ਵਰਤਦੇ ਹੋਏ ਪਹਿਲਾਂ ਹੀ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਨੇਪਾਲ ’ਚ ਅੰਸ਼ਕ ਬੰਦੀ ਕਰਦੇ ਹੋਏ ਅੰਤਰਰਾਸ਼ਟਰੀ ਉਡਾਣਾ, ਲੰਬੀ ਦੂਰੀ ਦੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਅਤੇ ਐਜੁਕੇਸ਼ਨਲ ਇੰਸਟੀਚਿਊਟਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਨੇਪਾਲ ਦੀ ਕਮਿਊਨਿਸਟ ਪਾਰਟੀ ਦੀ ਸਰਕਾਰ ਨੇ ਨਿੱਜੀ ਅਤੇ ਜਨਤਕ ਖੇਤਰ ਦੀਆਂ ਗੈਰ-ਜ਼ਰੂਰੀ ਸੇਵਾਵਾਂ ਨੂੰ ਵੀ 23 ਮਾਰਚ ਤੋਂ 2 ਅਪ੍ਰੈਲ ਲਈ ਰੋਕ ਦਿੱਤਾ ਹੈ। 

ਘਰਾਂ ’ਚ ਹੀ ਹੋਵੇ ਕੰਮ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਨੇ ਕਿਹਾ ਸੀ ਕਿ ਕੋਈ ਵੀ ਕੋਰੋਨਾ ਦਾ ਮਰੀਜ਼ ਦੇਸ਼ ’ਚ ਦਾਖਲ ਨਾ ਹੋਵੇ ਇਹ ਯਕੀਨੀ ਕਰਨ ਲਈ ਸਰਕਾਰ ਗੁਆਂਢੀ ਦੇਸ਼ਾਂ ਨਾਲ ਤਾਲਮੇਲ ਕਰੇਕੇ ਸਰਹੱਦੀ ਚੌਕੀਆਂ 'ਤੇ ਸਿਹਤ ਡੈਸਕ ਸਥਾਪਤ ਕਰੇਗੀ। ਉਨ੍ਹਾਂ ਕਿਹਾ ਸੀ ਕਿ ਸਰਕਾਰ ਨਿੱਜੀ ਖੇਤਰ ’ਚ ਘਰੋਂ ਕੰਮ ਕਰਨ ਨੂੰ ਉਤਸ਼ਾਹਤ ਕਰੇਗੀ। ਪ੍ਰਧਾਨ ਮੰਤਰੀ ਨੇ ਕਾਲਾਬਾਜ਼ਾਰੀ, ਜਮ੍ਹਾਖੋਰੀ ਅਤੇ ਆਰਟੀਫੀਸ਼ੀਅਲ ਤਰੀਕੇ ਨਾਲ ਬਾਜ਼ਾਰ ’ਚ ਸਮਾਨ ਦੀ ਕਿੱਲਤ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ। 


Rakesh

Content Editor

Related News