ਚੀਨ ਨੇ ਉਬੇਰ ਕੱਪ ’ਚ ਭਾਰਤੀ ਮਹਿਲਾ ਟੀਮ ਨੂੰ 5-0 ਨਾਲ ਹਰਾਇਆ

04/30/2024 7:16:28 PM

ਚੇਂਗਡੂ (ਚੀਨ), (ਭਾਸ਼ਾ)– ਨੌਜਵਾਨ ਸਨਸਨੀ ਅਨਮੋਲ ਖਰਬ ਨੂੰ ਗਿੱਟੇ ਵਿਚ ਸੱਟ ਲੱਗਣ ਕਾਰਨ ਅੱਖਾਂ ਵਿਚ ਹੰਝੂਆਂ ਦੇ ਨਾਲ ਕੋਰਟ ਵਿਚੋਂ ਬਾਹਰ ਜਾਣਾ ਪਿਆ ਜਦਕਿ ਭਾਰਤ ਦੀ ਕਮਜ਼ੋਰ ਮਹਿਲਾ ਟੀਮ ਨੂੰ ਮੰਗਲਵਾਰ ਨੂੰ ਇੱਥੇ ਉਬੇਰ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਗਰੁੱਪ-ਏ ਮੈਚ ਵਿਚ ਚੀਨ ਨੇ 5-0 ਨਾਲ ਹਰਾ ਦਿੱਤਾ। ਕੈਨੇਡਾ ਤੇ ਸਿੰਗਾਪੁਰ ਵਿਰੁੱਧ ਲਗਾਤਾਰ ਮੁਕਾਬਲਿਆਂ ਵਿਚ ਜਿੱਤ ਦੇ ਨਾਲ ਕੁਆਰਟਰ ਫਾਈਨਲ ਲਈ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੇ ਭਾਰਤ ਨੇ ਅਸ਼ਮਿਤਾ ਚਾਲਿਹਾ ਨੂੰ 15 ਵਾਰ ਦੀ ਚੈਂਪੀਅਨ ਟੀਮ ਵਿਰੁੱਧ ਮੁਕਾਬਲੇ ਵਿਚ ਨਹੀਂ ਉਤਾਰਿਆ। ਭਾਰਤ ਪਹਿਲਾਂ ਹੀ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਦੇ ਬਿਨਾਂ ਖੇਡ ਰਿਹਾ ਹੈ, ਜਿਸ ਨੇ ਟੂਰਨਾਮੈਂਟ ਵਿਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ।

ਚੀਨ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਭਾਰਤੀ ਖਿਡਾਰੀ 5 ਮੈਚਾਂ ਵਿਚੋਂ ਇਕ ਵੀ ਸੈੱਟ ਨਹੀਂ ਜਿੱਤ ਸਕੇ। ਭਾਰਤ ਦੀ ਮੁਸੀਬਤ ਉਸ ਸਮੇਂ ਹੋਰ ਵੱਧ ਗਈ ਜਦੋਂ 17 ਸਾਲਾ ਅਨਮੋਲ ਨੂੰ ਦੂਜੇ ਸਿੰਗਲਜ਼ ਮੁਕਾਬਲੇ ਦੌਰਾਨ ਗਿੱਟਾ ਮੁੜਨ ਕਾਰਨ ਮੈਚ ਵਿਚੋਂ ਹਟਣਾ ਪਿਆ। ਓਲੰਪਿਕ ਚੈਂਪੀਅਨ ਤੇ ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰੀ ਚੇਨ ਯੂਫੇਈ ਨੇ 83ਵੇਂ ਨੰਬਰ ਦੀ ਇਸ਼ਾਰਾਨੀ ਬਰੂਆ ਵਿਰੁੱਧ ਮਹਿਲਾ ਸਿੰਗਲਜ਼ ਵਿਚ 21-12, 21-10 ਦੀ ਆਸਾਨ ਜਿੱਤ ਦੇ ਨਾਲ ਚੀਨ ਨੂੰ 1-0 ਦੀ ਬੜ੍ਹਤ ਦਿਵਾਈ।

ਪ੍ਰਿਯਾ ਕੋਂਜੇਗਬਾਮ ਤੇ ਸ਼ਰੁਤੀ ਮਿਸ਼ਰਾ ਦੀ ਰਾਸ਼ਟਰੀ ਚੈਂਪੀਅਨ ਤੇ ਦੁਨੀਆ ਦੀ 67ਵੇਂ ਨੰਬਰ ਦੀ ਜੋੜੀ ਕੋਲ ਚੇਨ ਕਿੰਗ ਚੇਨ ਤੇ ਜਿਆਨ ਫੀ ਫੇਨ ਦੀ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਜੋੜੀ ਦਾ ਕੋਈ ਜਵਾਬ ਨਹੀਂ ਸੀ, ਜਿਨ੍ਹਾਂ ਨੇ 21-13, 21-12 ਨਾਲ ਜਿੱਤ ਦਰਜ ਕਰਕੇ ਟੀਮ ਨੂੰ 2-0 ਨਾਲ ਅੱਗੇ ਕੀਤਾ। ਅਨਮੋਲ ਦੇ ਹਟਣ ਨਾਲ ਚੀਨ ਨੇ 3-0 ਦੀ ਅਜੇਤੂ ਬੜ੍ਹਤ ਬਣਾ ਲਈ। ਅਗਲੇ ਦੋ ਮੈਚਾਂ ਵਿਚ ਲਿਊ ਸ਼ੇਨ ਸ਼ੂ ਤੇ ਟੇਨ ਨਿੰਗ ਨੇ ਮਹਿਲਾ ਡਬਲਜ਼ ਵਿਚ ਸਿਮਰਨ ਸਿੰਘ ਤੇ ਰਿਤਿਕਾ ਠਾਕੁਰ ਨੂੰ 21-9, 21-10 ਨਾਲ ਜਦਕਿ ਵੈਗ ਝੀ ਯੀ ਨੇ ਤਨਵੀ ਸ਼ਰਮਾ ਨੂੰ 21-7, 21-16 ਨਾਲ ਹਰਾ ਕੇ ਚੀਨ ਦੀ 5-0 ਨਾਲ ਜਿੱਤ ਤੈਅ ਕੀਤੀ। ਭਾਰਤ ਗਰੁੱਪ ਵਿਚ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਰਹੇਗਾ।


Tarsem Singh

Content Editor

Related News