ਨੇਪਾਲ ਦਾ ਹੋਣ ਲੱਗਾ ''ਚੀਨੀ ਲੋਕਤੰਤਰ'' ਤੋਂ ਮੋਹ ਭੰਗ, ਰਾਜਤੰਤਰ ਦੀ ਵਾਪਸੀ ਲਈ ਪ੍ਰਦਰਸ਼ਨ
Thursday, Apr 11, 2024 - 03:52 AM (IST)
ਹਿਮਾਲਿਆ ਦੀ ਗੋਦ ’ਚ ਵਸੇ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ’ਚ 240 ਸਾਲ ਪੁਰਾਣੇ ਰਾਜਤੰਤਰ ਦਾ 2008 ’ਚ ਅੰਤ ਹੋ ਗਿਆ ਅਤੇ ‘ਸ਼ਾਹ ਰਾਜਵੰਸ਼’ ਦੇ ਹੱਥੋਂ ਸੱਤਾ ਖੁੱਸ ਜਾਣ ’ਤੇ ਚੀਨ ਸਮਰਥਕ ਮਾਓਵਾਦੀਆਂ ਨੇ ਨਰੇਸ਼ ਗਿਆਨੇਂਦਰ ਨੂੰ ਸੱਤਾ ਤੋਂ ਹਟਾ ਕੇ ਦੇਸ਼ ਨੂੰ ‘ਗਣਤੰਤਰ’ ਐਲਾਨ ਦਿੱਤਾ।
ਨੇਪਾਲ ਦੀ ਅਰਥਵਿਵਸਥਾ ਦੂਜੇ ਦੇਸ਼ਾਂ ’ਤੇ ਟਿਕੀ ਹੋਣ ਕਾਰਨ ਚੀਨ ਇਸ ਦਾ ਹਮੇਸ਼ਾ ਨਾਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਚੀਨ ਦੀਆਂ ਇਨ੍ਹਾਂ ਚਾਲਾਂ ਕਾਰਨ ਨੇਪਾਲ ’ਚ ਹਮੇਸ਼ਾ ਇਕ ਅਸਥਿਰ ਸਰਕਾਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਨੇਪਾਲ ਦੇ ਲੋਕਾਂ ਦੇ ਇਕ ਵੱਡੇ ਵਰਗ ਦਾ ‘ਚੀਨ ਦਾ ਸਮਰਥਨ ਹਾਸਲ ਲੋਕਤੰਤਰ’ ਤੋਂ ਮੋਹ ਭੰਗ ਹੋ ਗਿਆ ਹੈ।
ਇਸੇ ਕਾਰਨ ਉਹ ਦੇਸ਼ ’ਚ ‘ਰਾਜਤੰਤਰ’ ਨੂੰ ਵਾਪਸ ਲਿਆਉਣ, ਚੀਨ ਨੂੰ ਦੇਸ਼ ’ਚੋਂ ਬਾਹਰ ਕੱਢਣ ‘ਰਾਜਤੰਤਰ’ ਦੀ ਵਾਪਸੀ ਲਈ ਸੜਕਾਂ ’ਤੇ ਉੱਤਰ ਆਏ ਹਨ।
ਇਸੇ ਲੜੀ ’ਚ 12 ਮਾਰਚ ਨੂੰ ਰਾਜਧਾਨੀ ਕਾਠਮੰਡੂ ’ਚ ‘ਰਾਜਤੰਤਰ’ ਦੇ ਸਮਰਥਨ ’ਚ ਭਾਰੀ ਪ੍ਰਦਰਸ਼ਨ ਕੀਤਾ ਅਤੇ ਲੋਕਾਂ ‘ਵਾਪਸ ਆਓ ਰਾਜਾ, ਦੇਸ਼ ਬਚਾਓ’, ‘ਸਾਡੇ ਪਿਆਰੇ ਰਾਜਾ ਅਮਰ ਰਹਿਣ’, ‘ਅਸੀਂ ਇਕ ਰਾਜਸ਼ਾਹੀ ਚਾਹੁੰਦੇ ਹਾਂ’ ਦੇ ਨਾਅਰੇ ਲਗਾਏ।
9 ਅਪ੍ਰੈਲ ਨੂੰ ਨੇਪਾਲ ’ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਕਾਠਮੰਡੂ ’ਚ ਰੈਲੀ ਕੱਢੀ। ਇਸ ਵਿਰੋਧ ਪ੍ਰਦਰਸ਼ਨ ਦਾ ਸੱਦਾ ਗਿਆਨੇਂਦਰ ਦੀ ਪ੍ਰਮੁੱਖ ਸਮਰਥਕ ‘ਰਾਸ਼ਟਰੀ ਪ੍ਰਜਾਤੰਤਰ ਪਾਰਟੀ’ (ਆਰ.ਪੀ.ਪੀ.) ਨੇ ਕੀਤਾ ਸੀ। ਪ੍ਰਦਰਸ਼ਕਾਰੀ ਨਾਅਰੇ ਲਗਾ ਰਹੇ ਸਨ ‘ਅਸੀਂ ਆਪਣੇ ਰਾਜਾ ਅਤੇ ਦੇਸ਼ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਾਂ’, ‘ਰਾਜਸ਼ਾਹੀ ਵਾਪਸ ਲਿਆਓ, ਗਣਤੰਤਰ (ਚੀਨੀ) ਨੂੰ ਖਤਮ ਕਰੋ’।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਦੰਗਾ ਰੋਕੂ ਪੁਲਸ ਨਾਲ ਝੜਪਾਂ ਵੀ ਹੋਈਆਂ, ਜਿਨ੍ਹਾਂ ਨੂੰ ਪਿੱਛੇ ਹਟਾਉਣ ਲਈ ਪੁਲਸ ਨੇ ਲਾਠੀਚਾਰਜ ਅਤੇ ਪਾਣੀ ਦੀਆਂ ਵਾਛੜਾਂ ਮਾਰੀਆਂ। ਰਾਜਾ ਗਿਆਨੇਂਦਰ ਦੇ ਸਮਰਥਕਾਂ ਨੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਅਤੇ ਹੋਰ ਸਰਕਾਰੀ ਦਫਤਰਾਂ ਤੱਕ ਪਹੁੰਚਣ ਲਈ ਬੈਰੀਕੇਡ ਤੋੜਨ ਦੀ ਕੋਸ਼ਿਸ਼ ਵੀ ਕੀਤੀ ਅਤੇ ਦੋ ਸਥਾਨਾਂ ’ਤੇ ਸੁਰੱਖਿਆ ਦਸਤਿਆਂ ’ਤੇ ਹਮਲਾ ਕਰ ਕੇ ਪ੍ਰਦਰਸ਼ਨਕਾਰੀ ਫਰਾਰ ਹੋ ਗਏ।
ਦੇਸ਼ ਦੀ ਸੱਤਾ ’ਤੇ ਕਾਬਜ਼ ਚੀਨ ਸਮਰਥਕ ਪਾਰਟੀਆਂ ਦੀਆਂ ਸਰਕਾਰਾਂ ਦੇ ਵਿਰੁੱਧ ਨੇਪਾਲ ਦੇ ਲੋਕਾਂ ਦਾ ਹੋ ਰਿਹਾ ਮੋਹ ਭੰਗ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਤਾਨਾਸ਼ਾਹੀ ਰਵੱਈਏ ਵਾਲੀਆਂ ਸਰਕਾਰਾਂ ਨੂੰ ਜ਼ਿਆਦਾ ਦੇਰ ਤੱਕ ਪਸੰਦ ਨਹੀਂ ਕਰਦੇ। ਹੁਣ ਨੇੜਲੇ ਭਵਿੱਖ ’ਚ ਨੇਪਾਲ ’ਚ ‘ਰਾਜਤੰਤਰ’ ਸਮਰਥਕ ਅੰਦੋਲਨ ਕੀ ਰੂਪ ਲੈਂਦਾ ਹੈ, ਇਹ ਆਉਣ ਵਾਲੇ ਦਿਨਾਂ ’ਚ ਸਪੱਸ਼ਟ ਹੋ ਜਾਵੇਗਾ।
-ਵਿਜੇ ਕੁਮਾਰ