ਗੁਰੂ ਦੇ ਰੰਗ ''ਚ ਰੰਗੀਆਂ ਸੰਗਤਾਂ ਨੇ ਇਟਲੀ ਦੀ ਤੁਸਕਾਨਾ ਸਟੇਟ ''ਚ ਸਜਾਇਆ ਨਗਰ ਕੀਰਤਨ
Tuesday, May 19, 2026 - 04:43 PM (IST)
xਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਇੱਕ ਅਜਿਹਾ ਦੇਸ਼ ਹੈ ਜਿੱਥੇ ਯੂਰਪੀਅਨ ਯੂਨੀਅਨ ਦੇ ਦੂਜੇ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਸਿੱਖ ਸੰਗਤਾਂ ਰਹਿੰਦੀਆਂ ਹਨ ਤੇ ਇਸੇ ਧਰਤੀ ਤੇ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ 'ਚੋਂ ਕੋਈ 80 ਦੇ ਕਰੀਬ ਧਾਰਮਿਕ ਸਥਾਨਾਂ ਦੀ ਸਥਾਪਨਾ ਸਿੱਖ ਸੰਗਤਾਂ ਦੁਆਰਾ ਕੀਤੀ ਗਈ ਹੈ। ਖ਼ਾਲਸਾ ਸਾਜਨਾ ਦਿਵਸ ਨੂੰ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਤੇ ਨਗਰ ਕੀਰਤਨ ਸਜਾਏ ਜਾਂਦੇ ਹਨ। ਇਸੇ ਤਰ੍ਹਾਂ ਸੈਂਟਰ ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੇਰਾਨੋਵਾ (ਆਰੇਸੋ) ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਸਜਾਕੇ ਗੁਰੂ ਸਾਹਿਬ ਦੀਆਂ ਖ਼ੁਸ਼ੀਆਂ ਲਈਆਂ ਗਈਆਂ।


ਦੱਸਣਯੋਗ ਹੈ ਕਿ ਇਸ ਦਿਹਾੜੇ ਦਾ ਜਿੰਨਾਂ ਚਾਅ ਸਥਾਨਿਕ ਸੰਗਤਾਂ ਨੂੰ ਹੁੰਦਾ ਹੈ ਉੱਨਾਂ ਹੀ ਉਤਸ਼ਾਹ ਇਟਾਲੀਅਨ ਭਾਈਚਾਰੇ ਦੇ ਲੋਕਾਂ ਤੇ ਅਧਿਕਾਰੀਆਂ ਨੂੰ ਹੁੰਦਾ ਹੈ। ਨਗਰ ਕੀਰਤਨ ਦੀ ਆਰੰਭਤਾ ਸ਼ਹਿਰ ਦੇ ਵਿਚਾਲੇ ਵਾਲੇ ਚੌਕ 'ਚੋਂ ਦਿੱਤੇ ਸਮੇਂ ਅਨੁਸਾਰ ਪੰਜ ਪਿਆਰਿਆਂ ਦੀ ਅਗਵਾਈ ਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਸਤਰ ਛਾਇਆ ਹੇਠ ਹੋਈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੇ ਗਲੀਆਂ ਦੀ ਪ੍ਰਕਿਰਮਾ ਦੌਰਾਨ ਨਗਰ ਕੀਰਤਨ ਦਾ ਵੱਖ-ਵੱਖ ਥਾਂਵਾਂ 'ਤੇ ਭਰਵਾਂ ਸਵਾਗਤ ਕੀਤਾ ਗਿਆ। ਉਪਰੰਤ ਖੁੱਲ੍ਹੇ ਪੰਡਾਲ ਸਜਾਏ ਗਏ, ਜਿੰਨਾਂ ਵਿੱਚ ਭਾਈ ਗੁਰਮੁੱਖ ਸਿੰਘ ਜੌਹਲ ਦੇ ਕਵੀਸ਼ਰੀ ਜਥੇ ਦੁਆਰਾ ਆਈਆ ਸੰਗਤਾਂ ਨੂੰ ਜੋਸ਼ੀਲੀਆ ਵਾਰਾਂ ਨਾਲ ਨਿਹਾਲ ਕੀਤਾ ਗਿਆ।



ਇਸ ਮੌਕੇ ਰਾਗੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਹਾਜ਼ਰੀਆਂ ਭਰੀਆਂ ਗਈਆਂ। ਗਤਕੇ ਵਾਲੇ ਸਿੰਘਾਂ ਵੱਲੋਂ ਗੱਤਕਾ ਕਲਾ ਦੇ ਜੌਹਰ ਵਿਖਾਉਂਦਿਆ ਹੋਇਆਂ ਸਿੱਖੀ ਦੀ ਚੜ੍ਹਦੀ ਕਲਾ ਦੇ ਜੈਕਾਰੇ ਲਾਉਂਦਿਆਂ ਇਸ ਪਹਾੜੀ ਧਰਤੀ ਦਾ ਰੋਮ- ਰੋਮ ਗੁਰੂ ਦੇ ਰੰਗ ਵਿੱਚ ਰੰਗ ਦਿੱਤਾ। ਸ਼ਹਿਰ ਦੇ ਮੇਅਰ ਸੇਰਜੋ ਕੈਨੀ , ਤੁਸਕਾਨਾ ਸਟੇਟ ਦੇ ਪ੍ਰਧਾਨ ਓਜੇਨੀਓ ਜੀਨੀ , ਸਲਾਹਕਾਰ ਰੋਬੇਰਤੋ ਕਾਸੀਨੀ , ਫਾਲੀਪੋ ਬੋਨੀ ਸੈਕਟਰੀ ਤੁਸਕਾਨਾ ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਪਹੁੰਚ ਕਰਕੇ ਸਿੱਖ ਸੰਗਤਾਂ ਨੂੰ ਵਿਸਾਖੀ ਤੇ ਨਗਰ ਕੀਰਤਨ ਦੀਆਂ ਵਧਾਈਆਂ ਦਿੱਤੀਆਂ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੁਰ ਦਰਾਡੇ ਤੋਂ ਪਹੁੱਚੀਆਂ ਸੰਗਤਾਂ ਅਤੇ ਲੰਗਰਾਂ ਤੇ ਸਟਾਲ ਲਾਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਏ ਹੋਏ ਜਥਿਆਂ ਅਤੇ ਅਧਿਕਾਰੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
