ਨਗਰ ਕੀਰਤਨ ਮੌਕੇ ਖਾਲਸਾਈ ਰੰਗ 'ਚ ਰੰਗਿਆ ਇਟਲੀ ਦਾ ਸ਼ਹਿਰ ਕਰੇਮੋਨਾ
Sunday, Apr 12, 2026 - 03:14 PM (IST)
ਮਿਲਾਨ (ਸਾਬੀ ਚੀਨੀਆ/ਦਲਵੀਰ ਸਿੰਘ ਕੈਂਥ) ਖਾਲਸਾ ਪੰਥ ਦਾ ਸਾਜਨਾ ਦਿਵਸ ਪੂਰੀ ਦੁਨੀਆਂ ਵਿੱਚ ਰਹਿਣ ਬਸੇਰਾ ਕਰਦੀ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਇਟਲੀ ਵਿੱਚ ਵੀ ਖ਼ਾਲਸੇ ਦੇ ਸਾਜਨਾ ਦਿਵਸ ਨੂੰ ਲੈਕੇ ਸਿੱਖ ਸੰਗਤਾਂ ਵੱਲੋਂ ਵੱਡੇ ਸਮਾਗਮ ਉਲੀਕੇ ਜਾ ਰਹੇ ਹਨ।ਇਸ ਪਵਿੱਤਰ ਦਿਹਾੜੇ ਤੇ ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਕੀਰਤਨਾਂ ਦਾ ਆਯੋਜਨ ਸਿੱਖ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਕੀਤਾ ਜਾ ਰਿਹਾ ਹੈ। ਜਿਸਦਾ ਮੰਤਵ ਇਟਾਲੀਅਨ ਅਤੇ ਹੋਰਨਾਂ ਮੂਲ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣਾ ਹੈ। ਇਸੇ ਲੜੀ ਤਹਿਤ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਵੱਲੋਂ ਖਾਲਸੇ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਸਜਾਇਆਂ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈ ਸੰਗਤਾਂ ਨੇ ਖਾਲਸਾਈ ਰੰਗ ਵਿੱਚ ਸ਼ਹਿਰ ਕਰੇਮੋਨਾ ਨੂੰ ਰੰਗਿਆ।



ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਨਗਰ ਕੀਰਤਨ ਦੀ ਆਰੰਭਤਾ ਕਰੇਮੋਨਾ ਦੇ ਸਟੇਡੀਅਮ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਾਵਾਈ ਹੇਠ ਹੋਈ। ਵੱਖ-ਵੱਖ ਕੀਰਤਨੀ ਜੱਥਿਆ ਦੁਆਰਾ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ। ਸ੍ਰੀ ਕਲਗੀਧਰ ਗੱਤਕਾ ਅਕੈਡਮੀ ਕਰੇਮੋਨਾ ਦੇ ਸਿੰਘਾਂ ਵੱਲੋ ਗਤਕੇ ਦੇ ਜੌਹਰ ਵਿਖਾਉਦੇ ਹੋਏ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ।


ਪੜ੍ਹੋ ਇਹ ਅਹਿਮ ਖ਼ਬਰ- ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਵੈਨਕੂਵਰ 'ਚ ਆਯੋਜਿਤ
ਜਿਉਂ ਹੀ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਨਗਰ ਕੀਰਤਨ ਲੂਨਾ ਪਾਰਕ ਵਿਖੇ ਪਹੁੰਚਿਆ, ਸਿੱਖ ਸੰਗਤਾਂ ਦੁਆਰਾ ਫੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਜਿੱਥੇ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਗਏ। ਇਸ ਮੌਕੇ ਇਟਲੀ ਦੇ ਪ੍ਰਸਿੱਧ ਢਾਡੀ ਜੱਥੇ ਭਾਈ ਸੁਖਵੀਰ ਸਿੰਘ ਭੌਰ ਅਤੇ ਸਾਥੀਆਂ ਨੇ ਢਾਡੀ ਵਾਰਾਂ ਨਾਲ ਸਿੱਖ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਮੂਹ ਸੰਗਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਇਟਲੀ ਦੇ ਹੋਰਨਾਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਪੁੱਜੀਆਂ। ਵੱਡੀ ਗਿਣਤੀ ਵਿੱਚ ਕਰੇਮੋਨਾ ਜਿਲੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਸਨਮਾਨਯੋਗ ਸ਼ਖਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ। ਪ੍ਰਬੰਧਕੀ ਕਮੇਟੀ ਵੱਲੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆਂ ਅਤੇ ਖਾਲਸਾ ਪੰਥ ਸਾਜਨਾ ਦਿਵਸ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Related News
ਇਮੀਗ੍ਰੇਸ਼ਨ ਤੇ ਕਾਨੂੰਨੀ ਮੁਸ਼ਕਲਾਂ ਦਾ ਹੋਵੇਗਾ ਹੱਲ, ਇਟਲੀ ਦੇ ਅਪ੍ਰੀਲੀਆ 'ਚ BHV ਸਰਵਿਸਿਜ਼ ਨੇ ਖੋਲ੍ਹਿਆ ਨਵਾਂ ਦਫ਼ਤਰ
