103 ਸਾਲਾਂ ਬਾਅਦ ਮਿਲੀ ਲਾਪਤਾ ਹੋਈ ਆਸਟ੍ਰੇਲੀਅਨ ਪਣਡੁੱਬੀ, ਹੱਲ ਹੋਇਆ ਰਹੱਸ

12/21/2017 5:15:35 PM

ਸਿਡਨੀ (ਏਜੰਸੀ)— ਆਸਟ੍ਰੇਲੀਆ ਨੇ ਆਪਣੇ ਜਲ ਸੈਨਾ ਇਤਿਹਾਸ ਦੇ ਸਭ ਤੋਂ ਪੁਰਾਣੇ ਰਹੱਸ ਨੂੰ ਹੱਲ ਕੀਤਾ ਹੈ। ਆਸਟ੍ਰੇਲੀਆ ਨੇ ਤਕਰੀਬਨ 103 ਸਾਲ ਪਹਿਲਾਂ ਲਾਪਤਾ ਹੋਈ ਪਣਡੁੱਬੀ ਨੂੰ ਲੱਭਿਆ ਹੈ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਦਰਅਸਲ 14 ਸਤੰਬਰ 1914 ਨੂੰ ਆਸਟ੍ਰੇਲੀਆਈ ਪਣਡੁੱਬੀ ਐੱਚ. ਐੱਮ. ਏ. ਐੱਸ. ਏਈ-1 ਪਹਿਲੇ ਵਿਸ਼ਵ ਯੁੱਧ ਦੌਰਾਨ ਲਾਪਤਾ ਹੋ ਗਈ ਸੀ। ਇਸ ਪਣਡੁੱਬੀ 'ਚ 35 ਲੋਕ ਸਵਾਰ ਸਨ। ਉਦੋਂ ਪਣਡੁੱਬੀ ਨਿਊ ਬ੍ਰਿਟੇਨ ਦੇ ਆਈਸਲੈਂਡ ਅਤੇ ਨਿਊ ਆਇਰਲੈਂਡ ਦਰਮਿਆਨ ਉੱਤਰੀ-ਪੂਰਬੀ ਪਾਪੁਆ ਨਿਊ ਗਿਨੀ 'ਚ ਸੀ। 
ਪਣਡੁੱਬੀ ਨੂੰ ਡਿਊਕ ਆਫ ਯਾਰਕ ਆਈਸਲੈਂਡ ਤੋਂ ਤਕਰੀਬਨ 300 ਮੀਟਰ ਡੂੰਘੇ ਸਮੁੰਦਰ ਵਿਚ ਡੱਚ ਦੇ ਸਰਵੇ ਸ਼ਿਪ ਫੁਰਗੋ ਇਕਵੇਟਰ ਵਲੋਂ ਲੱਭਿਆ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਰੱਖਿਆ ਮੰਤਰੀ ਮੈਰਿਸ ਪੈਯਨ ਨੇ ਦੱਸਿਆ ਕਿ ਸਾਲ 1914 'ਚ ਲਾਪਤਾ ਹੋਇਆ ਏਈ-1 ਸਾਡੇ ਦੇਸ਼ ਲਈ ਵੱਡੀ ਤ੍ਰਾਸਦੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇਹ ਰਾਇਲ ਆਸਟ੍ਰੇਲੀਅਨ ਨੇਵੀ ਦੀ ਪਹਿਲੀ ਪਣਡੁੱਬੀ ਸੀ, ਜੋ ਲਾਪਤਾ ਹੋਈ ਸੀ। 
ਇੱਥੇ ਦੱਸ ਦੇਈਏ ਕਿ ਫੁਰਗੋ ਇਕਵੇਟਰ ਇਕ ਅਜਿਹਾ ਸਮੁੰਦਰੀ ਜਹਾਜ਼ ਹੈ, ਜੋ ਸਮੁੰਦਰ ਵਿਚ ਲਾਪਤਾ ਜਹਾਜ਼ਾਂ, ਪਣਡੁੱਬੀਆਂ ਅਤੇ ਹੋਰ ਲਾਪਤਾ ਚੀਜ਼ਾਂ ਨੂੰ ਲੱਭਣ ਦਾ ਕੰਮ ਕਰਦਾ ਹੈ। 8 ਮਾਰਚ 2014 'ਚ ਲਾਪਤਾ ਹੋਏ ਮਲੇਸ਼ੀਆਈ ਜਹਾਜ਼ ਨੂੰ ਲੱਭਣ 'ਚ ਇਸ ਸਮੁੰਦਰੀ ਜਹਾਜ਼ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। 


Related News