ਰੱਖਿਆ ਖੇਤਰ ’ਚ ਭਾਰਤ ਦੀ ਵੱਡੀ ਛਾਲ, ਪਣਡੁੱਬੀ ਰੋਕੂ ਮਿਜ਼ਾਈਲ ‘ਸਮਾਰਟ’ ਦਾ ਸਫਲ ਪ੍ਰੀਖਣ
Thursday, May 02, 2024 - 12:25 PM (IST)
ਬਾਲਾਸੋਰ, (ਅਨਸ)- ਭਾਰਤ ਨੇ ਬੁੱਧਵਾਰ ਨੂੰ ਰੱਖਿਆ ਖੇਤਰ ’ਚ ਇਕ ਵੱਡੀ ਛਾਲ ਮਾਰਦਿਆਂ ਓਡਿਸ਼ਾ ਦੇ ਸਮੁੰਦਰੀ ਕੰਢੇ ’ਤੇ ਡਾ. ਏ. ਪੀ. ਜੇ. ਅਬਦੁਲ ਕਲਾਮ ਟਾਪੂ ਤੋਂ ਮਿਜ਼ਾਈਲ ਆਧਾਰਤ ਘੱਟ ਲੋਡ ਵਾਲੀ ਹਥਿਆਰ ਪ੍ਰਣਾਲੀ ‘ਸੁਪਰਸੋਨਿਕ ਮਿਜ਼ਾਈਲ ਅਸਿਸਟੇਡ ਰਿਲੀਜ਼ ਆਫ਼ ਟਾਰਪੀਡੋ’ (ਸਮਾਰਟ) ਦਾ ਸਫਲ ਪ੍ਰੀਖਣ ਕੀਤਾ। ਇਸ ਨੂੰ ਪਣਡੁੱਬੀ ਰੋਕੂ ਮਿਜ਼ਾਈਲ ਵੀ ਕਿਹਾ ਜਾਂਦਾ ਹੈ।
ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਸਵੇਰੇ 8.30 ਵਜੇ ਦੇ ਕਰੀਬ ਲੈਂਡ ਮੋਬਾਈਲ ਲਾਂਚਰ ਤੋਂ ਸਿਸਟਮ ਲਾਂਚ ਕੀਤਾ ਗਿਆ। ਇਸ ਪ੍ਰੀਖਣ ’ਚ ਬਰਾਬਰ ਦੀ ਵੰਡ, ਕਲੀਅਰੈਂਸ ਤੇ ਸਪੀਡ ਕੰਟਰੋਲ ਵਰਗੇ ਕਈ ਪੈਮਾਨਿਆਂ ਦੀ ਵੀ ਜਾਂਚ ਕੀਤੀ ਗਈ । ਨਤੀਜੇ ਉਤਸ਼ਾਹਜਨਕ ਰਹੇ।
‘ਸਮਾਰਟ’ ਨਵੀਂ ਪੀੜ੍ਹੀ ਦੀ ਮਿਜ਼ਾਈਲ ਆਧਾਰਿਤ ਘੱਟ ਭਾਰ ਵਾਲੀ ਹਥਿਆਰ ਪ੍ਰਣਾਲੀ ਹੈ, ਜਿਸ ਵਿਚ ਹਲਕਾ ਟਾਰਪੀਡੋ ਫਿੱਟ ਕੀਤਾ ਜਾਂਦਾ ਹੈ। ਇਸ ਟਾਰਪੀਡੋ ਨੂੰ ਪੇਲੋਡ ਵਜੋਂ ਵਰਤਿਆ ਜਾਂਦਾ ਹੈ। ਇਸ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ ਵਲੋਂ ਡਿਜ਼ਾਇਨ ਅਤੇ ਵਿਕਸਤ ਕੀਤਾ ਗਿਆ ਹੈ ਤਾਂ ਜੋ ਭਾਰਤੀ ਸਮੁੰਦਰੀ ਫੌਜ ਦੀ ਪਣਡੁੱਬੀ ਵਿਰੋਧੀ ਜੰਗੀ ਸਮਰੱਥਾ ਨੂੰ ਹਲਕੇ ਭਾਰ ਵਾਲੇ 'ਟਾਰਪੀਡੋ' ਦੀ ਰਵਾਇਤੀ ਹੱਦ ਤੋਂ ਵੱਧ ਵਧਾਇਆ ਜਾ ਸਕੇ।