ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰਕੇ ਕੀਤਾ ਨਿਕਾਹ

Friday, Dec 22, 2017 - 03:43 PM (IST)

ਕਰਾਚੀ— ਪਾਕਿਸਤਾਨ ਦੇ ਸਿੰਧ ਸੂਬੇ 'ਚ ਇਕ ਨਾਬਾਲਗ ਹਿੰਦੂ ਕੁੜੀ ਨੂੰ ਅਗਵਾ ਕਰ ਲਿਆ ਗਿਆ। ਥਾਰ ਪਿੰਡ 'ਚ ਵਾਪਰੀ ਇਸ ਵਾਰਦਾਤ ਨੂੰ ਲੈ ਕੇ ਲੜਕੀ ਦੇ ਪਿਤਾ ਨੇ ਹਰ ਥਾਂ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਵੀ ਮਦਦ ਨਾ ਕੀਤੀ। ਉਸ ਨੇ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ। 
ਪਿਤਾ ਹੀਰੋ ਮੇਘਾਵਰ ਦਾ ਕਹਿਣਾ ਹੈ ਕਿ ਪੁਲਸ ਉਸ ਦੀ ਮਦਦ ਨਹੀਂ ਕਰ ਰਹੀ। ਲੜਕੀ ਦਾ ਅਜੇ ਤਕ ਕੁੱਝ ਪਤਾ ਨਹੀਂ ਲੱਗ ਸਕਿਆ। ਪਿਤਾ ਦਾ ਕਹਿਣਾ ਹੈ ਕਿ ਨਸੀਰ ਲੁੰਜੋ ਨਾਂ ਦੇ ਵਿਅਕਤੀ ਨੇ ਧਰਮ ਬਦਲਵਾ ਕੇ ਉਸ ਦੀ ਧੀ ਨਾਲ ਨਿਕਾਹ ਕਰ ਲਿਆ ਹੈ।
ਮੇਘਾਵਰ ਦਾ ਕਹਿਣਾ ਹੈ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਘਰ 'ਚ ਕੁੱਝ ਲੋਕ ਜ਼ਬਰਦਸਤੀ ਦਾਖਲ ਹੋਏ। ਸਾਰੇ ਪਰਿਵਾਰ ਨੂੰ ਬੰਧਕ ਬਣਾ ਕੇ ਉਨ੍ਹਾਂ ਨੇ ਕੁੜੀ ਨੂੰ ਅਗਵਾ ਕਰ ਲਿਆ। ਪਿਤਾ ਦਾ ਕਹਿਣਾ ਹੈ ਕਿ ਦੋਸ਼ੀਆਂ ਕੋਲ ਹਥਿਆਰ ਸਨ, ਇਸੇ ਕਾਰਨ ਉਹ ਉਨ੍ਹਾਂ ਦਾ ਵਿਰੋਧ ਨਾ ਕਰ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਸ਼ਿਕਾਇਤ ਘਟਨਾ ਦੇ ਤੁਰੰਤ ਬਾਅਦ ਹੀ ਦੇ ਦਿੱਤੀ ਗਈ ਸੀ। 
ਉੱਧਰ ਥਾਰ ਦੇ ਪੁਲਸ ਅਧਿਕਾਰੀ ਅਮੀਰ ਸੌਦ ਦਾ ਕਹਿਣਾ ਹੈ ਕਿ ਕੇਸ ਦਰਜ ਕਰ ਕੇ ਤਿੰਨ ਸ਼ੱਕੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਸਿੰਧ ਹਾਈ ਕੋਰਟ 'ਚ ਅਗਵਾ ਕੁੜੀ ਅਤੇ ਉਸ ਦੇ ਪਤੀ ਵਲੋਂ ਪਟੀਸ਼ਨ ਦਾਇਰ ਕਰ ਦਿੱਤੀ ਗਈ ਹੈ। ਅਦਾਲਤ 17 ਜਨਵਰੀ ਨੂੰ ਮਾਮਲੇ ਦੀ ਸੁਣਵਾਈ ਕਰੇਗੀ। ਅਧਿਕਾਰੀ ਦਾ ਕਹਿਣਾ ਹੈ ਕਿ ਅਗਵਾ ਕੁੜੀ ਨਾਬਾਲਗ ਹੈ, ਇਸ ਲਈ ਅਦਾਲਤ ਹੀ ਇਸ 'ਚ ਫੈਸਲਾ ਕਰੇਗੀ।


Related News