ਨਾਬਾਲਗ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
Thursday, Sep 12, 2024 - 11:48 AM (IST)

ਲੁਧਿਆਣਾ (ਮਹਿਰਾ) : ਇਕ 9 ਸਾਲਾ ਨਾਬਾਲਗ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ’ਚ ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਦੀ ਅਦਾਲਤ ਨੇ ਖੁੱਡ ਮੁਹੱਲਾ ਨਿਵਾਸੀ ਬਾਬਾ ਕ੍ਰਿਸ਼ਨ ਕੁਮਾਰ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ਨੂੰ 2 ਲੱਖ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ। ਅਦਾਲਤ ਦੇ ਹੁਕਮ ਮੁਤਾਬਕ ਜੇਕਰ ਜੁਰਮਾਨਾ ਰਾਸ਼ੀ ਦੋਸ਼ੀ ਤੋਂ ਵਸੂਲ ਹੋ ਜਾਂਦੀ ਹੈ ਤਾਂ ਉਸ ’ਚੋਂ 1 ਲੱਖ 50 ਹਜ਼ਾਰ ਰੁਪਏ ਪੀੜਤ ਬੱਚੀ ਨੂੰ ਦਿੱਤੇ ਜਾਣ। ਇਲਜ਼ਾਮਾਤ ਧਿਰ ਮੁਤਾਬਕ ਇਹ ਮਾਮਲਾ ਪੀੜਤ ਬੱਚੀ ਦੀ ਮਾਤਾ ਦੀ ਸ਼ਿਕਾਇਤ ’ਤੇ 27 ਸਤੰਬਰ 2023 ਨੂੰ ਪੁਲਸ ਥਾਣਾ ਡਵੀਜ਼ਨ ਨੰਬਰ-3 ਵਿਚ ਦਰਜ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸ ਦਾ ਵਿਆਹ 11 ਸਾਲ ਪਹਿਲਾਂ ਹੋਇਆ ਸੀ। ਉਸ ਦੀਆਂ 2 ਧੀਆਂ ਅਤੇ ਇਕ ਪੁੱਤਰ ਹੈ। ਉਸ ਦੀ ਵੱਡੀ ਧੀ ਦੀ ਉਮਰ 9 ਸਾਲ ਹੈ। ਉਹ ਕਈ ਕਮਰਿਆਂ ਦੇ ਬਣੇ ਇਕ ਵਿਹੜੇ ’ਚ ਪਰਿਵਾਰ ਸਮੇਤ ਰਹਿੰਦੀ ਹੈ। ਇਸ ਵਿਹੜੇ ’ਚ ਗਰਾਊਂਡ ਫਲੋਰ ’ਚ ਬਣੇ ਇਕ ਕਮਰੇ ’ਚ ਮੁਲਜ਼ਮ ਰਹਿੰਦਾ ਸੀ। ਉਕਤ ਮੁਲਜ਼ਮ ਬਾਬਾ ਦੇ ਰੂਪ ’ਚ ਵਿਹੜੇ ’ਚ ਰਹਿੰਦਾ ਸੀ, ਜਿਸ ਕਾਰਨ ਸਾਰੇ ਬੱਚੇ ਉਕਤ ਮੁਲਜ਼ਮ ਕੋਲ ਖੇਡਣ ਅਤੇ ਖਾਣ ਦੀਆਂ ਚੀਜ਼ਾਂ ਲੈਣ ਚਲੇ ਜਾਇਆ ਕਰਦੇ ਸਨ।
ਇਕ ਦਿਨ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਨੂੰ ਆਪਣੇ ਕਮਰੇ ’ਚ ਬੁਲਾਇਆ ਅਤੇ ਹਾਲ-ਚਾਲ ਪੁੱਛਣ ਤੋਂ ਬਾਅਦ ਉਸ ਨੂੰ 500 ਰੁਪਏ ਦੇਣ ਲੱਗਾ, ਜਿਸ ਨੂੰ ਸ਼ਿਕਾਇਤਕਰਤਾ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਦੋਸ਼ੀ ਦੀਆਂ ਹਰਕਤਾਂ ਸ਼ਿਕਾਇਤਕਰਤਾ ਨੂੰ ਠੀਕ ਨਾ ਲੱਗੀਆਂ। ਉਸੇ ਸਮੇਂ ਸ਼ਿਕਾਇਤਕਰਤਾ ਦੀ ਨਾਬਾਲਗ ਬੱਚੀ ਬਾਬਾ ਦੇ ਕਮਰੇ ’ਚ ਹੀ ਖੇਡ ਰਹੀ ਸੀ। ਸ਼ੱਕ ਪੈਣ ’ਤੇ ਸ਼ਿਕਾਇਤਕਰਤਾ ਆਪਣੀ ਬੱਚੀ ਨੂੰ ਲੈ ਕੇ ਉੱਪਰ ਆਪਣੇ ਕਮਰੇ ’ਚ ਚਲੀ ਗਈ ਅਤੇ ਉਸ ਤੋਂ ਪੁੱਛਗਿੱਛ ਕੀਤੀ। ਨਾਬਾਲਗ ਬੱਚੀ ਨੇ ਆਪਣੀ ਮਾਤਾ ਨੂੰ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਸ਼ਿਕਾਇਤਕਰਤਾ ਨੇ ਇਸ ਬਾਬਤ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਅਦਾਲਤ ਨੇ ਦੋਵੇਂ ਧਿਰਾਂ ਦੀਆ ਦਲੀਲਾਂ ਸੁਣਨ ਤੋਂ ਬਾਅਦ ਉਕਤ ਸਜ਼ਾ ਸੁਣਾਈ।