ਕਿਮ ਜੋਂਗ ਦਾ ਦਾਅਵਾ, ਉੱਤਰੀ ਕੋਰੀਆ ਨੇ ਆਪਣਾ ਪਹਿਲਾ ਫੌਜੀ ਜਾਸੂਸੀ ਉਪਗ੍ਰਹਿ ਕੀਤਾ ਤਿਆਰ
Thursday, Apr 20, 2023 - 02:47 AM (IST)
ਸਿਓਲ (ਏ. ਪੀ.) : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਆਪਣੇ ਪਹਿਲੇ ਫੌਜੀ ਜਾਸੂਸੀ ਉਪਗ੍ਰਹਿ ਦੇ ਵਿਕਾਸ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਅਧਿਕਾਰੀਆਂ ਨੂੰ ਤੈਅ ਯੋਜਨਾ ਦੇ ਤਹਿਤ ਇਸ ਦੀ ਲਾਂਚਿੰਗ ਦਾ ਨਿਰਦੇਸ਼ ਦਿੱਤਾ ਗਿਆ ਹੈ। ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਇਹ ਖ਼ਬਰ ਦਿੱਤੀ। ‘ਕੋਰੀਅਨ ਸੈਂਟਰਲ ਨਿਊਜ਼ ਏਜੰਸੀ’ (KCNA) ਨੇ ਕਿਹਾ ਕਿ ਮੰਗਲਵਾਰ ਨੂੰ ਉੱਤਰੀ ਕੋਰੀਆ ਦੀ ਏਅਰੋਸਪੇਸ ਏਜੰਸੀ ਦੇ ਦੌਰੇ ਦੌਰਾਨ ਕਿਮ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ‘ਸੁਰੱਖਿਆ ਦੇ ਸਾਹਮਣੇ ਮੌਜੂਦ ਖਤਰੇ’ ਨੂੰ ਦੇਖਦਿਆਂ ਪੁਲਾੜ ਆਧਾਰਿਤ ਨਿਗਰਾਨੀ ਪ੍ਰਣਾਲੀ ਹਾਸਲ ਕਰਨਾ ਅਹਿਮ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਹਿੰਦੂ ਵਿਦਿਆਰਥੀਆਂ 'ਤੇ ਧਰਮ ਬਦਲਣ ਲਈ ਬਣਾਇਆ ਜਾ ਰਿਹਾ ਦਬਾਅ, ਸੁੱਟਿਆ ਗਿਆ ਗਊ ਮਾਸ
ਉੱਤਰੀ ਕੋਰੀਆ ਨੇ ਕਿਹਾ ਹੈ ਕਿ ਉਸ ਨੇ ਅਮਰੀਕਾ ਤੇ ਉਸ ਦੇ ਖੇਤਰੀ ਸਹਿਯੋਗੀਆਂ- ਦੱਖਣੀ ਕੋਰੀਆ ਤੇ ਜਾਪਾਨ ਵਿਚਾਲੇ ਸੰਯੁਕਤ ਫੌਜੀ ਅਭਿਆਸ ਦੇ ਜਵਾਬ 'ਚ ਵੱਡੇ ਪੈਮਾਨੇ ’ਤੇ ਹਥਿਆਰਾਂ ਦਾ ਪ੍ਰੀਖਣ ਕੀਤਾ ਹੈ, ਜਿਨ੍ਹਾਂ 'ਚ ਠੋਸ ਈਂਧਨ ਆਧਾਰਿਤ ਪਹਿਲੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਪ੍ਰੀਖਣ ਵੀ ਸ਼ਾਮਲ ਹੈ। ਇਸ ਮਿਜ਼ਾਈਲ ਨੂੰ ਅਮਰੀਕਾ 'ਤੇ ਹਮਲਾ ਕਰਨ ਲਈ ਤਿਆਰ ਕੀਤਾ ਗਿਆ ਹੈ। ਕੇਸੀਐੱਨਏ ਦੇ ਅਨੁਸਾਰ, ਕਿਮ ਨੇ ਨੈਸ਼ਨਲ ਏਰੋਸਪੇਸ ਡਿਵੈਲਪਮੈਂਟ ਅਥਾਰਟੀ ਨੂੰ ਕਿਹਾ ਕਿ ਉੱਤਰੀ ਕੋਰੀਆ ਲਈ ਯੁੱਧ ਨੂੰ ਰੋਕਣ ਦੇ ਆਪਣੇ ਤਰੀਕਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਫੌਜੀ ਖੋਜ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ : ਮੇਟਾ 'ਚ ਫਿਰ ਛਾਂਟੀ! ਜਾਣੋ ਸੋਸ਼ਲ ਮੀਡੀਆ ਕੰਪਨੀ ਕਿਨ੍ਹਾਂ ਕਰਮਚਾਰੀਆਂ ਨੂੰ ਕੱਢਣ ਦੀ ਕਰ ਰਹੀ ਹੈ ਤਿਆਰੀ
ਕਿਮ ਨੇ ਕਿਹਾ ਕਿ ਫੌਜੀ ਖੋਜ ਉਪਗ੍ਰਹਿ ਨੰਬਰ ਇਕ ਦਾ ਨਿਰਮਾਣ ਅਪ੍ਰੈਲ ਵਿੱਚ ਕੀਤਾ ਗਿਆ ਸੀ। ਉਨ੍ਹਾਂ ਹੁਕਮ ਦਿੱਤਾ ਕਿ ਇਸ ਦੀ ਸ਼ੁਰੂਆਤ ਸਬੰਧੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਜੰਗੀ ਪੱਧਰ 'ਤੇ ਯਤਨ ਕੀਤੇ ਜਾਣ। ਹਾਲਾਂਕਿ ਸੈਟੇਲਾਈਟ ਨੂੰ ਲਾਂਚ ਕਰਨ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕਿਮ ਨੇ ਕਿਹਾ ਕਿ ਉੱਤਰੀ ਕੋਰੀਆ ਨੂੰ ਵਿਆਪਕ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਸਮਰੱਥਾ ਹਾਸਲ ਕਰਨ ਲਈ ਕਈ ਉਪਗ੍ਰਹਿ ਲਾਂਚ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਅਮਰੀਕਾ ਅਤੇ ਦੱਖਣੀ ਕੋਰੀਆ 'ਤੇ ਆਪਣੇ ਗਠਜੋੜ ਨੂੰ ਮਜ਼ਬੂਤ ਕਰਨ ਦੇ ਨਾਂ 'ਤੇ ਉੱਤਰੀ ਕੋਰੀਆ ਦੇ ਖ਼ਿਲਾਫ਼ ਦੁਸ਼ਮਣੀ ਫੌਜੀ ਕਾਰਵਾਈਆਂ ਨੂੰ ਵਧਾਉਣ ਦਾ ਦੋਸ਼ ਲਗਾਇਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।