ਜੈਕਾਰਿਆਂ ਦੀ ਗੂੰਜ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦਾ ਪਹਿਲਾ ਪੜਾਅ ਸੰਪੰਨ
Sunday, Mar 01, 2026 - 07:37 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)- ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਛੇ ਰੋਜ਼ਾ ਕੌਮੀ ਤਿਉਹਾਰ ਹੋਲੇ-ਮਹੱਲੇ ਦਾ ਪਹਿਲਾ ਪੜਾਅ ਅੱਜ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੇ ਭੋਗ ਪੈਣ ਉਪਰੰਤ ਸਮਾਪਤ ਹੋ ਗਿਆ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਗਤੇਸ਼ਵਰ ਸਿੰਘ ਦੇ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।
ਇਹ ਵੀ ਪੜ੍ਹੋ: ਰੂਪਨਗਰ ਜ਼ਿਲ੍ਹੇ 'ਚ ਕੱਲ੍ਹ ਤੋਂ 4 ਮਾਰਚ ਤੱਕ ਛੁੱਟੀਆਂ ਦਾ ਐਲਾਨ! ਬੰਦ ਰਹਿਣਗੇ ਸਕੂਲ
ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਗੜਗੱਜ ਵੱਲੋਂ ਕੌਮ ਦੇ ਨਾਮ ਆਪਣੇ ਸੰਦੇਸ਼ ਰਾਹੀਂ ਸੰਗਤ ਨੂੰ ਸ਼ਰਧਾ ਸਤਿਕਾਰ ਸਹਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਗੁਰੂ ਘਰਾਂ ਵਿੱਚ ਨਤਮਸਤਕ ਹੋਣ ਲਈ ਸੱਦਾ ਦਿੱਤਾ।
ਇਸ ਮੌਕੇ ਜਥੇਦਾਰ ਗੜਗੱਜ ਨੇ ਨੌਜਵਾਨਾਂ ਨੂੰ ਮਰਿਆਦਾ ਅਨੁਸਾਰ ਆਉਣ ਦੀ ਅਪੀਲ ਕੀਤੀ, ਉੱਥੇ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਗੁਰੂ ਦੇ ਪੁੱਤਰ, ਪੁਤਰੀਆਂ ਬਣ ਕੇ ਸ੍ਰੀ ਅਨੰਦਪੁਰ ਸਾਹਿਬ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਅਤੇ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਮੁਤਾਬਕ ਹੀ ਅਨੰਦਪੁਰ ਸਾਹਿਬ ਵਿਖੇ ਆਉਣ। ਇਸ ਮੌਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਜਿਸ ਦੀ ਵੱਖਰੀ ਪਛਾਣ ਹੈ ਪਰ ਬਾਹਰੀ ਤਾਕਤਾਂ ਹਮੇਸ਼ਾ ਹੀ ਸਿੱਖਾਂ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਪਣੇ ਸਿਧਾਂਤਾਂ ਅਤੇ ਆਪਣੇ ਗੁਰੂ ਸਾਹਿਬਾਨਾਂ ਦੇ ਵੱਲੋਂ ਬਖ਼ਸ਼ੀਆਂ ਦਾਤਾਂ ਅਤੇ ਹਮੇਸ਼ਾ ਹੀ ਧਿਆਨ ਦੇਣਾ ਚਾਹੀਦਾ ਹੈ ਅਤੇ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੀ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਰਦਾਨ ਮੈਡੀਕਲ ਸੈਂਟਰ 'ਤੇ ਹੋਈ ਫਾਇਰਿੰਗ ਦੀ ਘਟਨਾ 'ਚ ACP ਤੇ SHO 'ਤੇ ਡਿੱਗੀ ਗਾਜ! ਹੋਏ ਸਸਪੈਂਡ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹੋਲਾ-ਮਹੱਲਾ ਦੇ ਪਹਿਲੇ ਪੜਾਅ ਦੀ ਸਮਾਪਤੀ ਮੌਕੇ ਕੀਰਤਪੁਰ ਸਾਹਿਬ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਲਈ ਕਿਰਪਾਨ ਸਿਰਫ਼ ਰਵਾਇਤੀ ਹਥਿਆਰ ਨਹੀਂ ਸਗੋਂ ਗੁਰੂ ਦਾ ਹੁਕਮ ਅਤੇ ਖਾਲਸਾਈ ਪਛਾਣ ਦਾ ਅਟੁੱਟ ਅੰਗ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ ਨੂੰ ਆਪਣੇ ਘਰ ਵਿੱਚ ਰਵਾਇਤੀ ਸ਼ਾਸਤਰ ਜ਼ਰੂਰ ਰੱਖਣੇ ਚਾਹੀਦੇ ਹਨ, ਕਿਉਂਕਿ ਇਹ ਸਾਡੀ ਅਸਲੀ ਪਛਾਣ ਅਤੇ ਮਰਿਆਦਾ ਨਾਲ ਜੁੜੇ ਹੋਏ ਹਨ। ਪਹਿਲਾਂ ਸਾਰੇ ਸਿੰਘ ਤੇਗਾਂ ਨਾਲ ਸੱਜੇ ਰਹਿੰਦੇ ਸਨ, ਪਰ ਸਮੇਂ ਦੇ ਨਾਲ ਇਹ ਰਿਵਾਜ ਕੁਝ ਘੱਟ ਪੈ ਗਿਆ, ਜਿਸ ਨੂੰ ਦੋਬਾਰਾ ਜੀਵੰਤ ਕਰਨ ਦੀ ਲੋੜ ਹੈ।
ਉਨ੍ਹਾਂ ਹਾਲ ਹੀ ਵਿੱਚ ਮਨੀਪੁਰ ਵਿੱਚ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਭਾਰਤ ਦਾ ਕਾਨੂੰਨ ਸਿੱਖਾਂ ਨੂੰ ਕਿਰਪਾਨ ਧਾਰਨ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਫਿਰ ਵੀ ਕਈ ਥਾਵਾਂ ਉੱਤੇ ਇਸ ਪਵਿੱਤਰ ਅਧਿਕਾਰ ਨੂੰ ਸਮਝਣ ਦੀ ਘਾਟ ਨਜ਼ਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਹੱਕਾਂ ਪ੍ਰਤੀ ਸਚੇਤ ਰਹਿਣ ਦੇ ਨਾਲ-ਨਾਲ ਆਪਣੇ ਗੁਰੂ ਦੀ ਬਖ਼ਸ਼ੀ ਹੋਈ ਰਹਿਤ ਨੂੰ ਵੀ ਮਜ਼ਬੂਤੀ ਨਾਲ ਅਪਣਾਉਣਾ ਚਾਹੀਦਾ ਹੈ।

ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਨੂੰ ਸ਼ਸਤਰਧਾਰੀ ਹੋ ਕੇ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਤੀ ਸਮਰਪਿਤ ਰਹਿਣਾ ਚਾਹੀਦਾ ਹੈ। ਕੌਮ ਦੀ ਚੜ੍ਹਦੀ ਕਲਾ ਲਈ ਸਾਨੂੰ ਹਰ ਪੱਖੋਂ ਮਜ਼ਬੂਤ ਹੋਣ ਦੀ ਲੋੜ ਹੈ, ਭਾਵੇਂ ਉਹ ਆਰਥਿਕ ਹੋਵੇ, ਪਰਿਵਾਰਿਕ, ਸਮਾਜਿਕ ਜਾਂ ਰਾਜਨੀਤਿਕ। ਉਨ੍ਹਾਂ ਕਿਹਾ ਕਿ ਜੇ ਕੌਮ ਮਜ਼ਬੂਤ ਹੋਵੇਗੀ ਤਾਂ ਹਰ ਵਿਅਕਤੀ ਵੀ ਮਜ਼ਬੂਤ ਹੋਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ, ਇਸ ਦੇ ਚੱਪੇ-ਚੱਪੇ ‘ਤੇ ਸ਼ਹੀਦਾਂ ਦਾ ਲਹੂ ਵਗਿਆ ਹੈ। ਇਸ ਲਈ ਪੰਜਾਬ ਦੇ ਫ਼ੈਸਲੇ ਪੰਜਾਬ ਵਿੱਚ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੋਲਾ-ਮਹੱਲਾ ਸਾਨੂੰ ਆਪਣੇ ਵਿਲੱਖਣ ਖਾਲਸਾਈ ਸਰੂਪ ਦੀ ਯਾਦ ਦਿਵਾਉਂਦਾ ਹੈ, ਜਿਸ ਦੀ ਸਿਰਜਣਾ ਦਸਮੇਸ਼ ਪਿਤਾ ਨੇ ਕੀਤੀ ਅਤੇ ਸਾਨੂੰ ਅੰਦਰੋਂ ਤੇ ਬਾਹਰੋਂ ਮਜ਼ਬੂਤ ਬਣਾਇਆ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਭਟਕਣ ਤੋਂ ਬਚ ਕੇ ਸੱਚੇ ਰਸਤੇ ‘ਤੇ ਤੁਰ ਸਕੇ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਵਿੱਚ ਰਹਿੰਦੀ ਹੋਈ ਦੋਬਾਰਾ ਸ੍ਰੀ ਅਨੰਦਪੁਰ ਦੀ ਧਰਤੀ ਵੱਲ ਰੁਖ ਕਰੇਗੀ ਅਤੇ ਖਾਲਸਾਈ ਜਜ਼ਬੇ ਨਾਲ ਅੱਗੇ ਵਧੇਗੀ। ਅੰਤ ਵਿੱਚ ਉਨ੍ਹਾਂ ਸਮੂਹ ਖਾਲਸਾ ਪੰਥ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਹੋਲਾ ਮਹੱਲਾ ਦੇ ਕੌਮੀ ਤਿਉਹਾਰ ਦੀ ਲੱਖ-ਲੱਖ ਵਧਾਈ ਦਿੰਦਿਆਂ ਅਰਦਾਸ ਕੀਤੀ ਕਿ ਗੁਰੂ ਸਭ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਸੰਗਤ ਦੀ ਹਾਜ਼ਰੀ ਨੂੰ ਪ੍ਰਵਾਨ ਕਰਨ। “ਚੜ੍ਹਦੀ ਕਲਾ” ਦੇ ਜੈਕਾਰੇ ਨਾਲ ਉਨ੍ਹਾਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਐੱਸ. ਜੀ. ਪੀ. ਸੀ. ਅੰਤਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਐੱਸ. ਜੀ. ਪੀ. ਸੀ. ਮੈਂਬਰ ਅਤੇ ਮੁੱਖ ਬੁਲਾਰਾ ਅਮਰਜੀਤ ਸਿੰਘ ਚਾਵਲਾ, ਜਗਦੀਸ਼ ਸਿੰਘ ਬੁਟਰ ਚੀਫ਼ ਗੁਰਦੁਆਰਾ ਇੰਸਪੈਕਟਰ, ਤਲਵਿੰਦਰ ਸਿੰਘ ਰਸ਼ੀਆਣਾ ਸਹਾਇਕ ਚੀਫ, ਮਲਕੀਤ ਸਿੰਘ ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਐਡਵੋਕੇਟ ਹਰਦੇਵ ਸਿੰਘ ਅਡੀਸ਼ਨਲ ਮੈਨੇਜਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਜਸਬੀਰ ਸਿੰਘ ਮੀਤ ਮੈਨੇਜਰ ਪਤਾਲਪੁਰੀ ਸਾਹਿਬ, ਸੁਰਿੰਦਰ ਸਿੰਘ ਰਾਜਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਧਾਰਮਿਕ ਸਖਸ਼ੀਅਤਾਂ ਦੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕਿਸਾਨ ਆਗੂ ਤੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
