ਪਹਿਲੀ ਵਿਦੇਸ਼ ਯਾਤਰਾ 'ਤੇ ਚੱਲੇ ਬਾਈਡੇਨ ਦੇ ਰਾਹ 'ਚ ਕੀੜੇ ਨੇ ਪਾਈ ਅੜਚਨ, ਵੀਡੀਓ ਵਾਇਰਲ

Thursday, Jun 10, 2021 - 12:24 PM (IST)

ਪਹਿਲੀ ਵਿਦੇਸ਼ ਯਾਤਰਾ 'ਤੇ ਚੱਲੇ ਬਾਈਡੇਨ ਦੇ ਰਾਹ 'ਚ ਕੀੜੇ ਨੇ ਪਾਈ ਅੜਚਨ, ਵੀਡੀਓ ਵਾਇਰਲ

ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਪਹਿਲੀ ਵਿਦੇਸ਼ ਯਾਤਰਾ 'ਤੇ ਹਨ। ਇਸ ਦੌਰਾਨ ਉਹਨਾਂ ਦੇ ਸੁਰੱਖਿਆ ਘੇਰੇ ਨੂੰ ਤੋੜਦੇ ਹੋਏ ਇਕ ਕੀੜਾ ਉਹਨਾਂ ਤੱਕ ਪਹੁੰਚ ਗਿਆ।ਇਸ ਘਟਨਾ ਸੰਬੰਧੀ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਅਸਲ ਵਿਚ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਇਕ ਖਾਸ ਤਰ੍ਹਾਂ ਦੇ ਕੀੜੇ ਅਮਰੀਕਾ ਵਿਚ 17 ਸਾਲ ਬਾਅਦ ਜ਼ਮੀਨ ਹੇਠੋਂ ਨਿਕਲ ਰਹੇ ਹਨ। ਹੁਣ ਇਹ ਕੀੜੇ ਇਕ ਵਾਰ ਫਿਰ ਚਰਚਾ ਵਿਚ ਹਨ। ਕਿਉਂਕਿ ਇਹਨਾਂ ਨੇ ਬਾਈਡੇਨ ਦੀ ਪਹਿਲੀ ਵਿਦੇਸ਼ ਯਾਤਰਾ ਵਿਚ ਗੜਬੜੀ ਪਾਉਣ ਦਾ ਕੰਮ ਕੀਤਾ ਹੈ। 

PunjabKesari

ਬਾਈਡੇਨ ਜਦੋਂ ਬੁੱਧਵਾਰ ਨੂੰ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਜੁਆਇੰਟ ਬੇਸ ਐਂਡਰੀਊਜ਼ ਪਹੁੰਚੇ ਤਾਂ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਕ ਸਿਕਾਡਾ ਮਤਲਬ ਕੀੜਾ ਉਹਨਾਂ ਦੀ ਗਰਦਨ ਦੇ ਪਿੱਛੇ ਆ ਕੇ ਬੈਠ ਗਿਆ। ਸਾਰੇ ਸੁਰੱਖਿਆ ਘੇਰੇ ਤੋੜਦੇ ਹੋਏ ਇਹ ਕੀੜਾ ਬਾਈਡੇਨ ਕੋਲ ਪਹੁੰਚਿਆ ਜਿਸ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਇਸ ਨੂੰ ਖੁਦ ਹਟਾਇਆ। ਇਸ ਮਗਰੋਂ ਬਾਈਡੇਨ ਨੇ ਉੱਥੇ ਮੌਜੂਦ ਪੱਤਰਕਾਰਾਂ ਨੂੰ ਵੀ ਇਹੀ ਕਿਹਾ ਕਿ ਤੁਸੀਂ ਲੋਕ ਸਿਕਾਡਾ ਤੋਂ ਸਾਵਧਾਨ ਰਹੋ। ਥੋੜ੍ਹੀ ਦੇਰ ਪਹਿਲਾਂ ਹੀ ਇਕ ਮੇਰੇ 'ਤੇ ਬੈਠ ਗਿਆ ਸੀ।

 

ਬਾਈਡੇਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਬਾਈਡੇਨ ਦੇ ਪਹਿਲੀ ਵਿਦੇਸ਼ ਯਾਤਰਾ ਲਈ ਦਰਜਨਾਂ ਪੱਤਰਕਾਰ ਉਹਨਾਂ ਨਾਲ ਯੂਨਾਈਟਿਡ ਕਿੰਗਡਮ ਜਾ ਰਹੇ ਸਨ। ਭਾਵੇਂਕਿ ਇਹਨਾਂ ਪੱਤਰਕਾਰਾਂ ਦੇ ਚਾਰਟਰਡ ਪਲੇਨ ਨੂੰ ਵੀ ਸਿਕਾਡਾ ਕੀੜਿਆਂ ਨੇ ਆਪਣਾ ਸ਼ਿਕਾਰ ਬਣਾਇਆ ਅਤੇ ਇਸ ਕਾਰਨ ਜਹਾਜ਼ ਨੇ 7 ਘੰਟੇ ਬਾਅਦ ਉਡਾਣ ਭਰੀ। ਇਹ ਕੀੜੇ ਜਹਾਜ਼ ਦੇ ਇੰਜਣ ਵਿਚ ਵੀ ਦਾਖਲ ਹੋ ਗਏ ਸਨ ਜਿਸ ਕਾਰਨ ਇਸ ਫਲਾਈਟ ਦੇ ਟਾਈਮ ਨੂੰ ਕਾਫੀ ਅੱਗੇ ਵਧਾਉਣਾ ਪਿਆ। ਇਸ ਜਹਾਜ਼ ਨੇ ਰਾਤ 9 ਵਜੇ ਉਡਾਣ ਭਰਨੀ ਸੀ ਪਰ ਆਖਿਰਕਾਰ ਵਿਚ ਰਾਤ 2:15 ਵਜੇ ਟੇਕ ਆਫ ਲਈ ਤਿਆਰ ਹੋ ਪਾਇਆ। ਗੌਰਤਲਬ ਹੈ ਕਿ ਵਾਸ਼ਿੰਗਟਨ ਡੀ.ਸੀ. ਖੇਤਰ ਅਮਰੀਕਾ ਦੇ ਉਹਨਾਂ ਕਈ ਹਿੱਸਿਆਂ ਵਿਚੋਂ ਇਕ ਹੈ ਜੋ ਸਿਕਾਡਾ ਦੇ ਝੁੰਡ ਨਾਲ ਪ੍ਰਭਾਵਿਤ ਹੈ। ਇਹ ਕੀੜੇ ਹੌਲੀ-ਹੌਲੀ ਅਮਰੀਕਾ ਦੇ 15 ਰਾਜਾਂ ਵਿਚ ਉਭਰ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ-  ਭਾਰਤ ਨੂੰ 8 ਕਰੋੜ ਐਂਟੀ ਕੋਵਿਡ-19 ਟੀਕੇ ਦੇਵੇਗਾ ਅਮਰੀਕਾ

ਸਿਕਾਡਾ ਇਸ ਤੋਂ ਪਹਿਲਾਂ ਸਾਲ 2014 ਵਿਚ ਬਾਹਰ ਆਏ ਸਨ ਅਤੇ ਕਿਹਾ ਜਾ ਰਿਹਾ ਹੈ ਕਿ ਹੁਣ 2038 ਤੱਕ ਨਜ਼ਰ ਨਹੀਂ ਆਉਣਗੇ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਿਕਾਡਾ ਕੀੜੇ ਤੋਂ ਕੋਈ ਖਤਰਾ ਨਹੀਂ ਹੈ ਕਿਉਂਕਿ ਨਾ ਤਾਂ ਉਹ ਇਨਸਾਨਾਂ ਨੂੰ ਲੱਭਦੇ ਹਨ ਅਤੇ ਨਾ ਹੀ ਉਹਨਾਂ ਨੂੰ ਕੱਟਦੇ ਹਨ। ਸਿਕਾਡਾ ਕੀੜਿਆਂ ਦੀ ਲੰਬਾਈ 2 ਇੰਚ ਤੱਕ ਹੋ ਸਕਦੀ ਹੈ। ਇਹ ਆਮਤੌਰ 'ਤੇ ਦਿਸਣ ਵਿਚ ਕਾਲੇ ਹੁੰਦੇ ਹਨ ਅਤੇ ਇਹਨਾਂ ਦੇ ਖੰਭ ਨਾਰੰਗੀ ਹੁੰਦੇ ਹਨ। ਲਾਲ ਅੱਖਾਂ ਵਾਲੇ ਇਹਨਾਂ ਕੀੜਿਆਂ ਦੇ ਛੇ ਪੈਰ ਹੁੰਦੇ ਹਨ। ਕੁਝ ਸਮਾਂ ਪਹਿਲਾਂ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਗਵਾਟੇਮਾਲਾ ਲਈ ਉਡਾਣ ਭਰੀ ਸੀ ਤਾਂ ਵੀ ਇਹਨਾਂ ਕੀੜਿਆਂ ਨੇ ਆਪਣੀ ਮੌਜੂਦਗੀ ਦਰਜ ਕਰਾਈ ਸੀ। ਅਸਲ ਵਿਚ ਸਿਕਾਡਾ ਨੂੰ ਇਕ ਸੀਕਰਟ ਸਰਵਿਸ ਏਜੰਟ ਅਤੇ ਇਕ ਫੋਟੋਗ੍ਰਾਫਰ ਦੀ ਸ਼ਰਟ ਵਿਚ ਲੁਕਦੇ ਹੋਏ ਫੜਿਆ ਗਿਆ ਸੀ। ਫਲਾਈਟ ਦੇ ਟੇਕਆਫ ਤੋਂ ਪਹਿਲਾਂ ਇਹਨਾਂ ਨੂੰ ਜਹਾਜ਼ ਤੋਂ ਬਾਹਰ ਕੱਢ ਦਿੱਤਾ ਗਿਆ ਸੀ। 


author

Vandana

Content Editor

Related News