ਇਟਲੀ ਦੀ ਨਾਗਰਿਕਤਾ ਲਈ ਦੇਣਾ ਪਵੇਗਾ ਇਹ ਟੈਸਟ, ਜਾਣੋ ਨਿਯਮ
Saturday, Aug 29, 2020 - 11:06 AM (IST)

ਰੋਮ- ਇਟਲੀ ਵਿਚ ਰਹਿ ਰਹੇ ਹੋ ਅਤੇ ਉੱਥੇ ਦੀ ਨਾਗਰਿਕਤਾ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ 2018 ਵਿਚ ਕੁਝ ਬਿਨੈਕਾਰਾਂ ਲਈ ਭਾਸ਼ਾ ਨੂੰ ਲੈ ਕੇ ਜ਼ਰੂਰੀ ਹੋਏ ਨਿਯਮ ਬਾਰੇ ਜਾਣਨਾ ਜ਼ਰੂਰੀ ਹੈ।
ਦਸੰਬਰ 2018 ਵਿਚ ਇਟਾਲੀਅਨ ਕਾਨੂੰਨਾਂ ਵਿਚ ਹੋਈਆਂ ਤਬਦੀਲੀਆਂ ਦਾ ਮਤਲਬ ਹੈ ਕਿ ਜਿਹੜਾ ਵੀ ਵਿਅਕਤੀ ਵਿਆਹ ਜਾਂ ਨਿਵਾਸ ਜ਼ਰੀਏ ਇਟਲੀ ਦੀ ਨਾਗਰਿਕਤਾ ਲਈ ਅਰਜ਼ੀ ਦਿੰਦਾ ਹੈ, ਉਸ ਨੂੰ ਹੁਣ ਇਹ ਸਾਬਤ ਕਰਨਾ ਲਾਜ਼ਮੀ ਹੈ ਕਿ ਉਹ ਇਟਾਲੀਅਨ ਭਾਸ਼ਾ ਨੂੰ ਬੀ-1 ਪੱਧਰ ਤੱਕ ਜਾਂ ਇਸ ਤੋਂ ਵੱਧ ਇਸ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਭਾਸ਼ਾਵਾਂ ਦੇ ਸਾਂਝੇ ਯੂਰਪੀਅਨ ਫਰੇਮਵਰਕ ਆਫ਼ ਰੈਫ਼ਰੈਂਸ (ਸੀ. ਈ. ਐੱਫ. ਆਰ. ਐੱਲ.) ਅਨੁਸਾਰ, ਬੀ-1 ਪੱਧਰ 'ਇੰਟਰਮੀਡੀਏਟ' ਯਾਨੀ ਦਰਮਿਆਨਾ ਪੱਧਰ ਹੈ, ਜਿਸ ਦਾ ਅਰਥ ਹੈ ਕਿ ਤੁਸੀਂ ਰੋਜ਼ ਦੀ ਗੱਲਬਾਤ ਵਿਚ ਭਾਸ਼ਾ ਨੂੰ ਠੀਕ-ਠਾਕ ਸਮਝਦੇ ਹੋ। ਜੇਕਰ ਤੁਸੀਂ ਪਹਿਲਾਂ ਹੀ ਇਟਲੀ ਵਿਚ ਰਹਿ ਰਹੇ ਹੋ ਤੇ ਕੰਮ ਕਰ ਰਹੇ ਹੋ ਤਾਂ ਇਹ ਸੰਭਵ ਹੈ ਕਿ ਤੁਸੀਂ ਇਟਾਲੀਅਨ ਇਸ ਪੱਧਰ ਤੱਕ ਬੋਲ ਸਕਦੇ ਹੋਵੋਗੇ। ਹਾਲਾਂਕਿ, ਨਾਗਰਿਕਤਾ ਲਈ ਸਰਕਾਰ ਅਧਿਕਾਰਤ ਤੌਰ 'ਤੇ ਇਸ ਦੀ ਪ੍ਰੀਖਿਆ ਲੈਂਦੀ ਹੈ।
ਨਾਗਰਿਕਤਾ ਦੀ ਅਰਜ਼ੀ ਲਈ ਤੁਹਾਡਾ ਬੀ-1 ਪੱਧਰੀ ਸਰਟੀਫਿਕੇਟ ਇਟਲੀ ਦੇ ਸਿੱਖਿਆ ਮੰਤਰਾਲੇ ਜਾਂ ਵਿਦੇਸ਼ ਮੰਤਰਾਲੇ ਵਲੋਂ ਮਨਜ਼ੂਰਸ਼ੁਦਾ ਇਕ ਵਿੱਦਿਅਕ ਸੰਸਥਾ ਤੋਂ ਹੋਣਾ ਚਾਹੀਦਾ ਹੈ।