ਇਟਲੀ: ਨਵੇਂ ਸਾਲ ਦੇ ਜਸ਼ਨ ਨੇ ਲਈ ਇੱਕ ਵਿਅਕਤੀ ਦੀ ਜਾਨ, ਪਟਾਕਿਆਂ ਦੀ ਅੱਗ ਨੇ 283 ਲੋਕ ਪਹੁੰਚਾਏ ਹਸਪਤਾਲ
Saturday, Jan 03, 2026 - 11:10 PM (IST)
ਰੋਮ, (ਦਲਵੀਰ ਸਿੰਘ ਕੈਂਥ)- ਨਵੇਂ ਸਾਲ 2026 ਦਾ ਭਰਵਾਂ ਸਵਾਗਤ ਕਰਨ ਲਈ ਦੁਨੀਆਂ ਭਰ ਵਿੱਚ ਲੋਕਾਂ ਵੱਲੋਂ ਆਪਣੇ-ਅਪਣੇ ਢੰਗ ਤਰੀਕਿਆਂ ਨਾਲ ਜਸ਼ਨ ਮਨਾਇਆ ਗਿਆ। ਜਿਹੜੇ ਲੋਕਾਂ ਨੇ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ ਪਟਾਕੇ ਚਲਾ ਕੇ ਧੂਮ-ਧਮਾਕੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਉਸ ਵਿੱਚ ਜੇਕਰ ਗੱਲ ਇਟਲੀ ਦੀ ਹੀ ਕੀਤੀ ਜਾਵੇ ਤਾਂ ਨਵੇਂ ਸਾਲ ਮੌਕੇ ਹੋਏ ਧੂਮ-ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 283 ਲੋਕ ਜਖ਼ਮੀ ਹਾਲਤ ਵਿੱਚ ਹਸਪਤਾਲਾਂ ਦੇ ਚੱਕਰ ਕੱਢਦੇ ਦੇਖੇ ਗਏ।
ਮਿਲੀ ਜਾਣਕਾਰੀ ਅਨੁਸਾਰ ਇਟਲੀ ਵਿੱਚ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਚਾਹੇ ਕਈ ਨਗਰ ਪਾਲਿਕਾਵਾਂ ਨੇ ਪਟਾਕੇ ਚਲਾਉਣ ਉਪੱਰ ਪੂਰਨ ਪਾਬੰਦੀ ਲਗਾਈ ਸੀ ਪਰ ਇਸ ਦੇ ਬਾਵਜੂਦ ਲੋਕਾਂ ਨੇ ਲੱਖਾਂ ਯੂਰੋ ਦੇ ਪਟਾਕੇ ਰਾਹੀਂ ਸਾੜ ਕੇ ਸੁਆਹ ਕਰ ਦਿੱਤੇ। ਇਹਨਾਂ ਜਸ਼ਨਾਂ ਨੇ ਲਾਸੀਓ ਸੂਬੇ ਦੇ ਰੋਮ ਇਲਾਕੇ ਵਿੱਚ ਇੱਕ 63 ਸਾਲ ਦੇ ਮੋਲਦੋਵਨ ਮੂਲ ਦੇ ਨਾਗਰਿਕ ਜਾਨ ਲੈ ਲਈ। ਜਿਸ ਦੀ ਮੌਤ ਦਾ ਕਾਰਨ ਮ੍ਰਿਤਕ ਵੱਲੋਂ ਹੱਥਾਂ ਵਿੱਚ ਪਟਾਕਾ ਚੱਲਣ ਕਾਰਨ ਗੰਭੀਰ ਜਖ਼ਮੀ ਹੋਣਾ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ 283 ਜਿਹੜੇ ਲੋਕ ਪਟਾਕਿਆ ਨਾਲ ਜਖ਼ਮੀ ਹੋਏ ਉਹਨਾਂ ਵਿੱਚ 68 ਨਾਬਾਲਗ ਦੱਸੇ ਜਾ ਰਹੇ ਹਨ, ਜਿਹੜੇ ਕਿ ਇਟਲੀ ਦੇ ਵੱਖ-ਵੱਖ ਇਲਾਕਿਆ ਨਾਲ ਸਬੰਧਤ ਹਨ। 215 ਬਾਲਗਾਂ ਵਿੱਚ ਸਭ ਤੋਂ ਵੱਧ ਗੰਭੀਰ ਜਖ਼ਮੀਆਂ ਵਿੱਚ ਇੱਕ 33 ਸਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ ਜਿਸ ਦਾ ਪਟਾਕੇ ਦੇ ਧਮਾਕੇ ਨਾਲ ਇੱਕ ਕੰਨ ਹੀ ਕੱਟਿਆ ਗਿਆ। ਉਸ ਦੇ ਚਿਹਰੇ ਅਤੇ ਅੱਖਾਂ ਨੂੰ ਵੀ ਪਟਾਕੇ ਦੀ ਅੱਗ ਨੇ ਕਾਫ਼ੀ ਨੁਕਸਾਨ ਪਹੁੰਚਾਇਆ ਹੈ।
ਇੱਕ 17 ਸਾਲਾ ਰੋਮਾਨੀਅਨ ਲੜਕਾ ਅਤੇ 43 ਸਾਲਾ ਵਿਅਕਤੀ ਜਿਹਨਾਂ ਨੂੰ ਪਟਾਕੇ ਦੀ ਅੱਗ ਨੇ ਝੁਲਸ ਦਿੱਤਾ ਅਤੇ ਉਹਨਾਂ ਦੋਨਾਂ ਦਾ ਖੱਬਾ ਹੱਥ ਡਾਕਟਰਾਂ ਨੂੰ ਕੱਟਣਾ ਪਿਆ ਜਦੋਂ ਕਿ ਬਰੇਸ਼ੀਆ ਵਿਖੇ ਇੱਕ 14 ਸਾਲਾ ਮਿਸਰੀ ਲੜਕੇ ਨੇ ਪਟਾਕੇ ਦੀ ਅੱਗ ਨਾਲ ਆਪਣੇ ਖੱਬੇ ਹੱਥ ਦੀਆਂ ਦੋ ਉੁਂਗਲਾ ਗੁਆ ਲਈਆਂ। ਇਸ ਲੜਕੇ ਦੀ ਵੀ ਸਰਜਰੀ ਹੋਈ ਜਿਹੜਾ ਕਿ ਹੁਣ ਵੀ ਜ਼ੇਰੇ ਇਲਾਜ ਹੈ।
ਇਸ ਤਰ੍ਹਾਂ ਬਹੁਤ ਸਾਰੇ ਲੋਕ ਜਿਹਨਾਂ ਦੇ ਹੱਥਾਂ-ਪੈਰਾਂ, ਅੱਖਾਂ, ਪੇਟ, ਲੱਤਾਂ ਅਤੇ ਮੂੰਹ ਨੂੰ ਪਟਾਕੇ ਦੀ ਅੱਗ ਨੇ ਬਹੁਤ ਨੁਕਸਾਨ ਪਹੁੰਚਾਇਆ।
