9ਵੀਂ ਵਾਰ ਰੋਮ ਦਾ ਅੰਤਰਰਾਸ਼ਟਰੀ ਹਵਾਈ ਅੱਡਾ ''ਲਿਓਨਾਰਦੋ ਦਾ ਵਿਨਚੀ'' ਬਣਿਆ ਯੂਰਪ ਦਾ ਸਰਬੋਤਮ ਏਅਰਪੋਰਟ

Tuesday, Feb 24, 2026 - 08:49 PM (IST)

9ਵੀਂ ਵਾਰ ਰੋਮ ਦਾ ਅੰਤਰਰਾਸ਼ਟਰੀ ਹਵਾਈ ਅੱਡਾ ''ਲਿਓਨਾਰਦੋ ਦਾ ਵਿਨਚੀ'' ਬਣਿਆ ਯੂਰਪ ਦਾ ਸਰਬੋਤਮ ਏਅਰਪੋਰਟ

ਰੋਮ ਇਟਲੀ (ਦਲਵੀਰ ਸਿੰਘ ਕੈਂਥ) : ਇਸ ਵਿੱਚ ਕੋਈ ਦੋ ਰਾਏ ਨਹੀ ਕਿ ਯੂਰਪ ਦਾ ਬੇਹੱਦ ਖੂਬਸੂਰਤ ਦੇਸ਼ ਇਟਲੀ ਜਿਹੜਾ ਕਿ ਆਪਣੀਆਂ ਅਨੇਕਾਂ ਖੂਬੀਆਂ ਲਈ ਦੁਨੀਆ ਵਿੱਚ ਵਿਲੱਖਣ ਸਥਾਨ ਰੱਖਦਾ ਹੈ। ਇਟਲੀ ਕਰੌੜਪਤੀਆਂ ਦੀ ਗਿਣਤੀ ਵਿੱਚ ਜਿੱਥੇ ਮੋਹਰੀ ਹੈ, ਉੱਥੇ ਦੁਨੀਆਂ ਦੀ ਸਭ ਤੋਂ ਵੱਧ ਮਹਿੰਗੀ ਮਾਰਕੀਟ ਵੀ ਵਿਦੇਸ਼ੀਆਂ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਜਿਨ੍ਹਾਂ ਲੋਕਾਂ ਦਾ ਮਹਿਬੂਬ ਦੇਸ਼ ਇਟਲੀ ਹੈ, ਉਨ੍ਹਾ ਲੋਕ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਇਟਲੀ ਦੀ ਰਾਜਧਾਨੀ ਰੋਮ ਦੇ ਪ੍ਰਸਿੱਧ ਅੰਤਰਰਾਸ਼ਟਰੀ ਹਵਾਈ ਅੱਡਾ 'ਲਿਓਨਾਰਦੋ ਦਾ ਵਿਨਚੀ' ਪਿਛਲੇ 8 ਸਾਲਾਂ ਤੋਂ ਯੂਰਪੀਅਨ ਦੇਸ਼ਾਂ ਦੇ ਹਵਾਈ ਅੱਡਿਆਂ ਨੂੰ ਪਛਾੜ ਕੇ ਦੁਨੀਆਂ ਭਰ ਵਿੱਚ ਯਾਤਰੀਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਵਧੀਆ ਸੇਵਾਵਾਂ ਦੇਣ ਵਾਲਾ ਯੂਰਪ ਦਾ ਪਹਿਲੇ ਦਰਜੇ ਦਾ ਹਵਾਈ ਅੱਡਾ ਹੋਣ ਦਾ ਮਾਣਮੱਤਾ ਖਿਤਾਬ ਆਪਣੀ ਝੋਲੀ ਪੁਆ ਚੁੱਕਾ ਹੈ ਤੇ ਇਸ ਸਾਲ ਫਿਰ ਮੰਗਲਵਾਰ ਨੂੰ ਐਲਾਨੀ ਗਈ ਏਅਰਪੋਰਟ ਸਰਵਿਸ ਕੁਆਲਿਟੀ ਮਾਨਤਾ ਨਾਲ 9ਵੀਂ ਵਾਰ ਬਿਹਤਰ ਸੇਵਾਵਾ ਦੇਣ ਵਾਲਾ ਪਹਿਲੇ ਦਰਜੇ ਦਾ 'ਲਿਓਨਾਰਦੋ ਦਾ ਵਿਨਚੀ' ਏਅਰਪੋਰਟ ਬਣਿਆ ਹੈ।  

PunjabKesari

ਇਹ ਐਲਾਨ ਅੰਤਰਰਾਸ਼ਟਰੀ ਵਪਾਰ ਸੰਘ ਏਅਰਪੋਰਟਸ ਕੌਂਸਲ ਇੰਟਰਨੈਸ਼ਨਲ ਵਰਲਡ ਦੁਆਰਾ ਏਅਰਪੋਰਟ ਸਰਵਿਸ ਕੁਆਲਿਟੀ ਯਾਤਰੀ ਅਨੁਭਵ ਪੁਰਸਕਾਰ 2025 ਦੁਆਰਾ ਕੀਤਾ ਗਿਆ। ਫਿਊਮਿਚੀਨੋ ਏਅਰਪੋਰਟ ਲਗਾਤਾਰ 9 ਸਾਲ ਤੋਂ 40 ਮਿਲੀਅਨ ਤੋਂ ਵੱਧ ਯਾਤਰੀਆਂ ਦੇ ਨਾਲ ਵੱਡੇ ਹੱਬ ਸ਼੍ਰੇਣੀ ਵਿੱਚ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਗੁਣਵੱਤਾ ਲਈ ਚੋਟੀ ਦੇ ਯੂਰਪੀਅਨ ਹਵਾਈ ਅੱਡੇ ਵਜੋਂ ਆਪਣੀ ਸਿਰਮੌਰ ਸਥਿਤੀ ਨੂੰ ਇੱਕ ਵਾਰ ਫਿਰ ਪ੍ਰਮਾਣਤ ਕਰਦਾ ਹੈ। ਸਾਲ 2025 ਵਿੱਚ ਇਕ ਵਾਰ ਫਿਰ ਏਅਰਪੋਰਟ ਸਰਵਿਸ ਕੁਆਲਿਟੀ ਵੱਲੋਂ ਦੁਨੀਆਂ ਭਰ ਦੇ 400 ਤੋਂ ਵੱਧ ਹਵਾਈ ਅੱਡਿਆਂ ਤੋਂ ਯਾਤਰਾ ਕਰਨ ਵਾਲੇ ਲਗਭਗ 7 ਲੱਖ ਲੋਕਾਂ ਦੀ ਲਈ ਰਾਏ ਤੋਂ ਬਾਅਦ ਇਹ ਮੁਕਾਮ ਫਿਊਮਿਚੀਨੋ ਏਅਰਪੋਰਟ ਨੂੰ ਮਿਲਿਆ ਹੈ। 4,64 (1 ਤੋਂ 5 ਪੈਮਾਨੇ'ਤੇ) ਦੇ ਰਿਕਾਰਡ ਸਕੋਰ ਦੇ ਨਾਲ, ਫਿਊਮਿਚੀਨੋ ਸਾਰੇ 124 ਯੂਰਪੀਅਨ ਹਵਾਈ ਅੱਡਿਆਂ ਅਤੇ ਨਵੀਨਤਮ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਯੂਰਪੀਅਨ ਅਤੇ ਉੱਤਰੀ ਅਮਰੀਕੀ ਹੱਬਾਂ ਵਿੱਚੋਂ ਪਹਿਲੇ ਸਥਾਨ ਤੇ ਚੁਣਿਆ ਗਿਆ ਹੈ। 

ਫਿਊਮਿਚੀਨੋ ਏਅਰਪੋਰਟ ਜਿਸ ਨੇ ਸਾਰੀਆਂ ਪੁਰਸਕਾਰ ਸ਼੍ਰੇਣੀਆਂ ਵੀ ਜਿੱਤੀਆਂ ਜਿਨ੍ਹਾਂ ਵਿੱਚ ਸਭ ਤੋਂ ਵਧੀਆ ਹਵਾਈ ਅੱਡੇ ਤੋਂ ਇਲਾਵਾ, ਇਸ ਨੇ ਸਭ ਤੋਂ ਵੱਧ ਸਮਰਪਿਤ ਸਟਾਫ਼, ਸਭ ਤੋਂ ਆਸਾਨ ਹਵਾਈ ਅੱਡਾ ਯਾਤਰਾ, ਸਭ ਤੋਂ ਆਨੰਦਦਾਇਕ ਅਤੇ ਯੂਰਪ ਦਾ ਸਭ ਤੋਂ ਸਾਫ਼ ਹਵਾਈ ਅੱਡੇ ਦੇ ਪੁਰਸਕਾਰ ਵੀ ਜਿੱਤੇ, ਗਾਹਕ ਅਨੁਭਵ ਵਿੱਚ ਸ਼ਾਨਦਾਰ, ਯਾਤਰਾ ਕੁਸ਼ਲਤਾ ਅਤੇ ਪ੍ਰਾਹੁਣਚਾਰੀ ਤੋਂ ਲੈਕੇ ਸਫਾਈ ਅਤੇ ਸਮੁੱਚੇ ਅਰਾਮ ਤੱਕ ਸਹੂਲਤਾ ਇਸ ਨੂੰ ਸਰਵੋਤਮ ਬਣਾਉਂਦੀਆਂ ਹਨ। ਰੋਮ ਦੇ ਦੂਜੇ ਹਵਾਈ ਅੱਡੇ ਚੀਅਮਪੀਨੋ ਨੂੰ ਵੀ ਏਅਰਪੋਰਟਸ ਕੌਂਸਲ ਇੰਟਰਨੈਸ਼ਨਲ ਨੇ 2 ਤੋਂ 5 ਮਿਲੀਅਨ ਯਾਤਰੀਆਂ ਦੀ ਸ਼੍ਰੇਣੀ ਵਿੱਚ ਯੂਰਪ ਦੇ ਸਭ ਤੋਂ ਵਧੀਆ ਹਵਾਈ ਅੱਡੇ ਦੇ ਨਾਲ -ਨਾਲ ਸਭ ਤੋਂ ਸਮਰਪਿਤ ਸਟਾਫ਼ ਵਜੋਂ ਵੀ ਮਾਨਤਾ ਦਿੱਤੀ ਹੈ। ਰੋਮ ਦੇ ਇਨ੍ਹਾਂ ਦੋਨਾਂ ਏਅਰਪੋਰਟਾਂ ਤੋਂ ਸੰਨ 2025 ਵਿੱਚ ਕੁਲ 55 ਮਿਲੀਅਨ ਯਾਤਰੀਆਂ ਨੇ ਯਾਤਰਾ ਕੀਤੀ ਹੈ, ਜਿਹੜਾ ਕਿ ਇੱਕ ਰਿਕਾਰਡ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News