ਇਟਲੀ : ਕੋਰੋਨਾ ਨੂੰ ਦੇਖਦਿਆਂ ਦੇਸ਼ ਭਰ ''ਚ ਤਾਲਾਬੰਦੀ ਲਾਉਣ ਦੀ ਅਪੀਲ

11/10/2020 10:14:35 PM

ਰੋਮ, (ਕੈਂਥ)- ਇਟਲੀ 'ਚ ਆਏ ਦਿਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ, ਜਿਸ ਦੇ ਮੱਦੇਨਜਰ ਸਰਕਾਰ ਪਹਿਲਾਂ ਹੀ 4 ਸੂਬਿਆਂ ਵਿਚ ਰੈੱਡ ਜ਼ੋਨ ਭਾਵ ਤਾਲਾਬੰਦੀ ਲਗਾ ਦਿੱਤੀ ਹੈ ਅਤੇ ਪੂਰੀ ਇਟਲੀ ਵਿਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਤਾਲਾਬੰਦੀ ਲੱਗੀ ਹੈ। 

ਸਿਰਫ ਐਮਰਜੈਂਸੀ, ਕੰਮਾਂ-ਕਾਰਾਂ, ਬਹੁਤ ਹੀ ਜ਼ਰੂਰੀ ਕੰਮਾਂ ਲਈ ਅਤੇ ਜ਼ਰੂਰੀ ਵਸਤਾਂ ਲਈ ਰਾਹਤ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਮਾਮਲਿਆਂ ਦਾ ਲਗਾਤਾਰ ਵਧਣਾ ਸਰਕਾਰ ਪ੍ਰਸ਼ਾਸਨ ਅਤੇ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਟਲੀ ਦੇ ਨੈਸ਼ਨਲ ਫੈਡਰੇਸ਼ਨ ਆਫ਼ ਮੈਡੀਕਲ ਆਰਡਰ (ਫਨੋਮਸੀਓ) ਦੇ ਪ੍ਰਧਾਨ ਫਿਲੀਪੋ ਅਨੇਲੀ ਨੇ ਸਿਹਤ ਮੰਤਰੀ ਅਤੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਪੂਰੀ ਇਟਲੀ ਦੇ ਡਾਕਟਰ ਅਤੇ ਨਰਸਾਂ ਦੀ ਸਹਿਮਤੀ ਨਾਲ ਅਸੀਂ ਮੰਗ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕਦਾ ਹੈ ਤਾਂ ਪੂਰੇ ਦੇਸ਼ ਅੰਦਰ ਤਾਲਾਬੰਦੀ ਲਗਾ ਦਿੱਤਾ ਜਾਵੇ। 

ਉਨ੍ਹਾਂ ਕਿਹਾ ਕਿ ਪਹਿਲੇ ਦੌਰ ਦੌਰਾਨ ਸਾਡੇ ਦੇਸ਼ ਅਤੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਅਸੀਂ ਉਸ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਜੋ ਇਸ ਮਹਾਮਾਰੀ ਕਾਰਨ ਸਾਨੂੰ ਵਿਛੋੜਾ ਦੇ ਗਏ ਹਨ। ਉਹ ਸਾਰੇ ਸਾਡੇ ਆਪਣੇ ਸਨ , ਉਨ੍ਹਾਂ ਕਿਹਾ ਕਿ ਹਾਲਾਤ ਦਿਨ ਬਰ ਦਿਨ ਵਿਗੜ ਰਹੇ ਹਨ, ਕਿਉਂਕਿ ਚਿੰਤਾਜਨਕ ਸੰਕੇਤ ਦੇਸ਼ ਦੇ ਕਈ ਹਿੱਸਿਆਂ ਤੋਂ ਆ ਰਹੇ ਹਨ। 

ਇਨ੍ਹਾਂ ਸੰਕੇਤਾਂ ਤੋਂ ਅੰਦਾਜ਼ਾ ਲਾਉਣਾ ਵੀ ਗਲਤ ਨਹੀਂ ਹੋਵੇਗਾ ਕਿ ਹਾਲਾਤ ਹੋਰ ਵੀ ਵਿਗੜ ਸਕਦੇ ਹਨ। ਦੂਜੇ ਪਾਸੇ, ਲਾਸੀਓ ਸੂਬੇ ਦੇ ਜ਼ਿਲ੍ਹਾ ਲਤੀਨਾ ਦੇ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਾਲ ਸੰਤਾ ਮਰੀਆ ਗੂਰੇਂਤੀ ਵਿਖੇ ਵਿਗੜ ਰਹੇ ਹਲਾਤਾਂ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਵਲੋਂ ਖੁੱਲ੍ਹੀ ਥਾਂ 'ਤੇ ਟੈਂਟ ਲਗਾ ਕੇ ਆਰਜ਼ੀ ਹਸਪਤਾਲ ਸਥਾਪਤ ਕੀਤਾ ਜਾ ਰਿਹਾ ਹੈ ਤਾਂ ਜੋ ਜੇਕਰ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਨਜ਼ਰ ਆਈ ਤਾਂ ਮਰੀਜ਼ਾਂ ਦੀ ਦੇਖਭਾਲ ਇਸ ਅਰਜ਼ੀ ਤੌਰ 'ਤੇ ਬਣਾਏ ਹਸਪਤਾਲ ਵਿਚ ਭਰਤੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵੀ ਇਟਲੀ ਦੇ ਉੱਤਰੀ ਹਿੱਸੇ ਦੇ ਸ਼ਹਿਰ ਤੋਰੀਨੋ ਵਿਖੇ ਬੀਤੇ ਦਿਨੀਂ ਇਕ ਚਰਚ ਨੂੰ ਹਸਪਤਾਲ ਅਧੀਨ ਤਿਆਰ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਮਰੀਜ਼ਾਂ ਦੀ ਦੇਖਭਾਲ ਹੋ ਸਕੇ। ਓਰਬੈਸਾਨੋ ਹਸਪਤਾਲ ਦੇ ਚਰਚ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ 135 ਬੈੱਡ ਉਪਲੱਬਧ ਕਰਵਾਏ ਗਏ,ਜੋ ਕਿ ਇਹ ਤੋਰੀਨੋ ਸ਼ਹਿਰ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਮਰੀਜ਼ਾਂ ਦੇ ਇਲਾਜ ਲਈ ਬਿਸਤਰਿਆਂ ਦੀ ਇਕ ਕਤਾਰ ਲਾਈ ਗਈ ਹੈ। ਜਿੱਥੇ ਕਿ ਘੱਟ ਬੀਮਾਰ ਮਰੀਜ਼ਾਂ ਦੀ ਦੇਖਭਾਲ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਇਟਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦਿਆਂ ਹੋਇਆਂ ਡਾਕਟਰਾਂ ਅਤੇ ਨਰਸਾਂ ਨੇ ਵੀ ਇਸ ਬੀਮਾਰੀ ਦੀ ਲਪੇਟ ਵਿਚ ਆ ਕੇ ਆਪਣੀਆਂ ਕੀਮਤੀ ਜਾਨਾਂ ਗੁਆ ਚੁੱਕੇ ਹਨ। ਇਟਲੀ ਵਿਚ ਹੁਣ ਤੱਕ ਕੁੱਲ 41,750 ਲੋਕਾਂ ਨੂੰ ਇਸ ਕੋਰੋਨਾ ਵਾਇਰਸ ਦੇ ਕਾਰਨ ਜ਼ਿੰਦਗੀਆਂ ਗੁਵਾਉਣੀਆਂ ਪਈਆਂ ਹਨ।
 


Sanjeev

Content Editor

Related News