ਈਰਾਨ ਨੇ ਅਮਰੀਕਾ ਨਾਲ ਵਾਰਤਾ ਕਰਨ ਤੋਂ ਕੀਤਾ ਇਨਕਾਰ

Wednesday, May 22, 2019 - 01:38 PM (IST)

ਈਰਾਨ ਨੇ ਅਮਰੀਕਾ ਨਾਲ ਵਾਰਤਾ ਕਰਨ ਤੋਂ ਕੀਤਾ ਇਨਕਾਰ

ਤੇਹਰਾਨ (ਬਿਊਰੋ)— ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਨਾਲ ਵਾਰਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਤਾਂ ਵਿਚ ਅਮਰੀਕਾ ਨਾਲ ਵਾਰਤਾ ਕਰਨ ਸੰਭਵ ਨਹੀਂ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਰੂਹਾਨੀ ਨੇ ਵਿਵਾਦਮਈ ਮੁੱਦਿਆਂ ਦਾ ਹੱਲ ਕੂਟਨੀਤੀ ਨਾਲ ਕਰਨ ਦਾ ਸਮਰਥਨ ਕੀਤਾ ਹੈ ਪਰ ਇਸ ਸਮੇਂ ਉਹ ਅਮਰੀਕਾ ਨਾਲ ਕਿਸੇ ਵੀ ਤਰ੍ਹਾਂ ਦੀ ਵਾਰਤਾ ਕਰਨ ਦੇ ਵਿਰੁੱਧ ਹਨ।

ਰੂਹਾਨੀ ਨੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਈਰਾਨੀ ਨਾਗਰਿਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ। ਇੱਥੇ ਦੱਸ ਦਈਏ ਕਿ ਦੋਹਾਂ ਦੇਸ਼ਾਂ ਵਿਚਾਲੇ ਇਸ ਸਮੇਂ ਕਾਫੀ ਤਣਾਅ ਦਾ ਮਾਹੌਲ ਹੈ। ਹਾਲਾਤ ਅਜਿਹੇ ਹਨ ਕਿ ਖਾੜੀ ਖੇਤਰ ਵਿਚ ਹੋ ਰਹੇ ਹਮਲਿਆਂ ਲਈ ਅਮਰੀਕਾ ਈਰਾਨ ਨੂੰ ਹੀ ਜ਼ਿੰਮੇਵਾਰ ਠਹਿਰਾ ਰਿਹਾ ਹੈ। ਭਾਵੇਂਕਿ ਟਰੰਪ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਗੱਲਬਾਤ ਸੰਭਵ ਹੈ। 

ਇਕ ਸਮਾਚਾਰ ਏਜੰਸੀ ਮੁਤਾਬਕ ਰੂਹਾਨੀ ਦਾ ਕਹਿਣਾ ਹੈ ਕਿ ਅੱਜ ਦੀ ਸਥਿਤੀ ਗੱਲਬਾਤ ਦੀ ਨਹੀਂ ਸਗੋਂ ਵਿਰੋਧ ਦੀ ਹੈ। ਕੁਝ ਦਿਨ ਪਹਿਲਾਂ ਟਰੰਪ ਨੇ ਈਰਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਲੜਾਈ ਚਾਹੁੰਦਾ ਹੈ ਤਾਂ ਉਸ ਦਾ ਅਧਿਕਾਰਕ ਅੰਤ ਹੋ ਜਾਵੇਗਾ। ਟਰੰਪ ਦਾ ਕਹਿਣਾ ਹੈ ਕਿ ਉਹ ਈਰਾਨ ਨਾਲ ਲੜਾਈ ਨਹੀਂ ਚਾਹੁੰਦੇ ਪਰ ਜੇਕਰ ਈਰਾਨ ਵੱਲੋਂ ਕੋਈ ਹਮਲਾ ਕੀਤਾ ਗਿਆ ਤਾਂ ਉਸ ਦਾ ਜਵਾਬ ਮਜ਼ਬੂਤੀ ਨਾਲ ਦਿੱਤਾ ਜਾਵੇਗਾ।


author

Vandana

Content Editor

Related News