ਸਿੰਗਾਪੁਰ : ਹੋਟਲ ''ਚ ਝਗੜਾ ਕਰਨ ਲਈ ਭਾਰਤੀ ਮੂਲ ਦੇ ਨਾਗਰਿਕ ਨੂੰ ਹੋਈ ਜੇਲ੍ਹ
Wednesday, Jun 26, 2024 - 05:15 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਇਕ ਹੋਟਲ 'ਚ 2 ਧਿਰਾਂ ਵਿਚਾਲੇ ਹੋਏ ਹਿੰਸਕ ਝਗੜੇ 'ਚ ਸ਼ਾਮਲ ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਨੂੰ ਇਕ ਸਾਲ ਤੋਂ ਵੱਧ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ 'ਤੇ 2 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਝਗੜੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। 'ਦਿ ਸਟ੍ਰੈਟਸ ਟਾਈਮਜ਼' ਸਮਾਚਾਰ ਪੱਤਰ ਦੀ ਖ਼ਬਰ ਅਨੁਸਾਰ, ਸ਼ਰਵਿਨ ਜੈ ਨਾਇਰ ਨੂੰ ਮੁਹੰਮਦ ਇਸਰਤ ਮੁਹੰਮਦ ਇਸਮਾਈਲ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ ਦੋਸ਼ 'ਚ ਮੰਗਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਖ਼ਬਰ ਅਨੁਸਾਰ, ਇਸਮਾਈਲ ਦੀ ਮੌਤ ਆਰਚਰਡ ਰੋਡ ਦੇ ਇਕ ਹੋਟਲ 'ਚ ਝਗੜੇ ਤੋਂ ਬਾਅਦ ਹੋਈ ਸੀ।
ਅਦਾਲਤ ਨੇ ਨਾਇਰ ਨੂੰ 12 ਮਹੀਨੇ ਅਤੇ 8 ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ। ਨਾਇਰ ਨੇ ਹੋਰ ਦੋਸ਼ਾਂ ਨੂੰ ਵੀ ਕਬੂਲ ਲਿਆ। ਇਸ ਝਗੜੇ 'ਚ ਸ਼ਮੂਲੀਅਤ ਲਈ 10 ਤੋਂ ਵੱਧ ਲੋਕਾਂ 'ਤੇ ਦੋਸ਼ ਲਗਾਏ ਗਏ ਹਨ। ਦੋਸ਼ੀਆਂ 'ਚ ਇਕ ਹੋਰ ਭਾਰਤੀ ਮੂਲ ਦਾ ਵਿਅਕਤੀ ਵੀ ਸ਼ਾਮਲ ਹੈ, ਜਿਸ ਦਾ ਨਾਂ ਅਸਵੈਨ ਪਚਨ ਪਿਲੱਈ ਸੁਕੁਮਾਰਨ (29) ਹੈ। ਸੁਕੁਮਾਰਨ 'ਤੇ ਇਸਰਤ ਦੇ ਕਤਲ ਦੇ ਮਾਮਲੇ 'ਚ ਕਤਲ ਦਾ ਦੋਸ਼ ਹੈ। ਡਿਪਟੀ ਸਰਕਾਰੀ ਵਕੀਲ ਕੈਥੀ ਚੂ ਨੇ ਕਿਹਾ ਕਿ ਝਗੜੇ 'ਚ ਸ਼ਾਮਲ ਦੋਵੇਂ ਧਿਰ 2 ਵਿਰੋਧੀ ਭਾਈਚਾਰਿਆਂ ਨਾਲ ਸੰਬੰਧ ਰੱਖਦੇ ਸਨ। ਸਿੰਗਾਪੁਰ 'ਚ ਸਵੈ-ਇੱਛਾ ਨਾਲ ਸੱਟ ਪਹੁੰਚਾਉਣ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਜਾਂ 5 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਜਾਂ ਫਿਰ ਦੋਵੇਂ ਭੁਗਤਣੇ ਪੈ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8