ਫਿਰੋਜ਼ਪੁਰ ਜੇਲ੍ਹ ''ਚ ਤਲਾਸ਼ੀ ਦੌਰਾਨ 10 ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ
Wednesday, Dec 17, 2025 - 12:25 PM (IST)
ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸੁਪਰਡੈਂਟ ਮਨਜੀਤ ਸਿੰਘ ਸਿੱਧੂ ਦੇ ਨਿਰਦੇਸ਼ਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਵੱਲੋਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਮੇਂ-ਸਮੇਂ 'ਤੇ ਚਲਾਈ ਗਈ ਤਲਾਸ਼ੀ ਮੁਹਿੰਮ ਦੌਰਾਨ 10 ਟੱਚ ਸਕਰੀਨ ਅਤੇ ਕੀਪੈਡ ਮੋਬਾਈਲ ਫੋਨ, ਚਾਰਜਰ, ਇਕ ਕਾਲੇ ਰੰਗ ਦਾ ਹੈੱਡਫੋਨ, ਓਪੋ ਕੰਪਨੀ ਦੇ ਏਅਰਪੌਡ ਅਤੇ 10 ਗ੍ਰਾਮ ਖੁੱਲ੍ਹਾ ਤੰਬਾਕੂ ਬਰਾਮਦ ਹੋਇਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਵੱਲੋਂ ਭੇਜੀ ਗਈ ਲਿਖਤੀ ਜਾਣਕਾਰੀ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਵੱਲੋਂ 10 ਕੈਦੀਆਂ ਅਤੇ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਏਐੱਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਵਾਲਾਤੀ ਚੰਨ ਸਿੰਘ ਉਰਫ਼ ਚੰਨਾ, ਹਵਾਲਾਤੀ ਸਰਬਜੀਤ ਸਿੰਘ ਉਰਫ਼ ਸਵਰਨ ਸਿੰਘ, ਹਵਾਲਾਤੀ ਸ਼ਿਵਮ ਕੁਮਾਰ, ਹਵਾਲਾਤੀ ਮਨਪ੍ਰੀਤ ਸਿੰਘ, ਹਵਾਲਾਤੀ ਬਲਜੀਤ ਸਿੰਘ ਉਰਫ਼ ਕਾਕਾ, ਹਵਾਲਾਤੀ ਰਾਜ ਸਿੰਘ ਉਰਫ਼ ਰਾਜੂ, ਹਵਾਲਾਤੀ ਕੁਲਦੀਪ ਸਿੰਘ, ਕੈਦੀ ਗੁਰਸ਼ਰਨ ਸਿੰਘ, ਹਵਾਲਾਤੀ ਸੁਖਦੇਵ ਸਿੰਘ ਉਰਫ਼ ਬੱਗੂ ਅਤੇ ਹਵਾਲਾਤੀ ਮਨਜੀਤ ਸਿੰਘ ਤੋਂ ਤਲਾਸ਼ੀ ਦੌਰਾਨ ਮੋਬਾਈਲ ਅਤੇ ਚਾਰਜਰ, ਹੈੱਡਫੋਨ, ਏਅਰਪੌਡ ਅਤੇ ਖੁੱਲ੍ਹਾ ਤੰਬਾਕੂ ਬਰਾਮਦ ਹੋਇਆ ਹੈ, ਮੁਲਜ਼ਮਾਂ ਖਿਲਾਫ ਪੁਲਸ ਵੱਲੋਂ ਜੇਲ੍ਹ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਸਮੇਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਬਾਹਰੋਂ ਪੈਕਟਾਂ ਵਿਚ ਬੰਦ ਕਰਕੇ ਫਿਰੋਜ਼ਪੁਰ ਜੇਲ੍ਹ ਦੇ ਅੰਦਰ ਮੋਬਾਇਲ ਅਤੇ ਨਸ਼ੀਲੇ ਪਦਾਰਥ ਸੁੱਟੇ ਜਾ ਰਹੇ ਹਨ, ਜਿਸਨੂੰ ਰੋਕਣ ਲਈ ਜੇਲ੍ਹ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜੇਲ੍ਹ ਪ੍ਰਸ਼ਾਸਨ ਸਮੇਂ-ਸਮੇਂ 'ਤੇ ਮੁਲਜ਼ਮਾਂ ਦੇ ਮਨਸੂਬਿਆਂ ਨੂੰ ਨਕਾਮ ਕਰਦਾ ਆ ਰਿਹਾ ਹੈ।
