ਭਾਰਤੀ ਤੱਟ ਰੱਖਿਅਕਾਂ ਨੇ 63 ਦਿਨਾਂ ਤੋਂ ਸਮੁੰਦਰ ਵਿੱਚ ਫਸੇ ਸ਼੍ਰੀਲੰਕਾਈ ਮਛੇਰਿਆਂ ਨੂੰ ਬਚਾਇਆ
Wednesday, Nov 30, 2022 - 02:47 PM (IST)
ਕੋਲੰਬੋ (ਵਾਰਤਾ)- ਭਾਰਤੀ ਤੱਟ ਰੱਖਿਅਕਾਂ ਨੇ 63 ਦਿਨਾਂ ਤੋਂ ਸਮੁੰਦਰ 'ਚ ਫਸੇ ਸ਼੍ਰੀਲੰਕਾ ਦੇ 4 ਮਛੇਰਿਆਂ ਨੂੰ ਬਚਾਇਆ ਹੈ। ਡੇਲੀ ਮਿਰਰ ਅਖ਼ਬਾਰ ਨੇ ਬੁੱਧਵਾਰ ਨੂੰ ਰਿਪੋਰਟ ਦਿੱਤੀ ਕਿ FV ਨੀਲ ਕਿਸ਼ਤੀ 'ਤੇ ਸਵਾਰ 4 ਸ਼੍ਰੀਲੰਕਾਈ ਮਛੇਰੇ 25 ਸਤੰਬਰ ਨੂੰ ਮੱਛੀਆਂ ਫੜਨ ਗਏ ਸਨ ਅਤੇ ਉਦੋਂ ਤੋਂ ਲਾਪਤਾ ਸਨ। ਅਖ਼ਬਾਰ ਨੇ ਕਿਹਾ ਕਿ ਉਹ ਸਮੁੰਦਰ 'ਚ 63 ਦਿਨਾਂ ਤੱਕ ਲਾਪਤਾ ਹੋਣ ਤੋਂ ਬਾਅਦ ਆਖ਼ਰਕਾਰ ਅੰਡੇਮਾਨ ਅਤੇ ਨਿਕੋਬਾਰ ਟਾਪੂ 'ਤੇ ਪਹੁੰਚ ਗਏ, ਜਿੱਥੇ ਭਾਰਤੀ ਤੱਟ ਰੱਖਿਅਕਾਂ ਨੇ ਉਨ੍ਹਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਭਾਰਤੀ ਤੱਟ 'ਤੇ ਲਿਆਂਦਾ।
ਸੂਤਰਾਂ ਮੁਤਾਬਕ ਭਾਰਤੀ ਅਧਿਕਾਰੀ ਫਿਲਹਾਲ ਉਨ੍ਹਾਂ ਦੀ ਦੇਖ਼ਭਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਾਪਸ ਸ਼੍ਰੀਲੰਕਾ ਭੇਜਣ ਲਈ ਸ਼੍ਰੀਲੰਕਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਸ਼੍ਰੀਲੰਕਾਈ ਮਛੇਰਿਆਂ ਦੇ ਪਰਿਵਾਰ ਇਸ ਖ਼ਬਰ ਨਾਲ ਬੇਹੱਦ ਖੁਸ਼ ਹਨ ਅਤੇ ਉਨ੍ਹਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤੀ ਤੱਟ ਰੱਖਿਅਕਾਂ ਨੇ ਕਈ ਮੌਕਿਆਂ 'ਤੇ ਦੇਸ਼ੀ ਮਛੇਰਿਆਂ ਸਮੇਤ ਸ਼੍ਰੀਲੰਕਾ ਦੇ ਮਛੇਰਿਆਂ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।