ਜਲਵਾਯੂ ਤਬਦੀਲੀ ਕਾਰਨ ਖਤਮ ਹੋਏ ਗਲੇਸ਼ੀਅਰ ਦੀ ਯਾਦ ''ਚ ਬਣਾਇਆ ਗਿਆ ਸਮਾਰਕ

08/18/2019 11:33:11 AM

ਰੇਕਜਾਵਿਕ (ਬਿਊਰੋ)— ਯੂਰਪੀ ਦੇਸ਼ ਆਈਸਲੈਂਡ ਨੇ ਐਤਵਾਰ ਨੂੰ ਓਕਜੋਕੁਲ (Okjokull) ਦੇ ਖਤਮ ਹੋਣ ਦਾ ਸਨਮਾਨ ਕੀਤਾ। ਗੌਰਤਲਬ ਹੈ ਕਿ ਇਹ ਇਸ ਦਾ ਪਹਿਲਾ ਗਲੇਸ਼ੀਅਰ ਹੈ ਜੋ ਜਲਵਾਯੂ ਤਬਦੀਲੀ ਕਾਰਨ ਖਤਮ ਹੋ ਗਿਆ। ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਬ-ਆਰਕਟਿਕ ਟਾਪੂ 'ਤੇ 400 ਹੋਰ ਗਲੇਸ਼ੀਅਰਾਂ 'ਤੇ ਵੀ ਇਸੇ ਤਰ੍ਹਾਂ ਖਤਮ ਹੋਣ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ ਵਿਚ ਖਤਮ ਹੋ ਚੁੱਕੇ ਇਸ ਗਲੇਸ਼ੀਅਰ ਦੀ ਯਾਦ ਵਿਚ ਇਕ ਸਮਾਰੋਹ ਵਿਚ ਸਥਾਨਕ ਸ਼ੋਧ ਕਰਤਾਵਾਂ ਅਤੇ ਅਮਰੀਕਾ ਦੀ ਰਾਈਸ ਯੂਨੀਵਰਸਿਟੀ ਦੇ ਉਨ੍ਹਾਂ ਦੇ ਸਾਥੀਆਂ ਦੀ ਮੌਜੂਦਗੀ ਵਿਚ ਕਾਂਸੇ ਦੀ ਇਕ ਤਖਤੀ ਦਾ ਉਦਘਾਟਨ ਕੀਤਾ ਜਾਵੇਗਾ।

PunjabKesari

ਆਈਸਲੈਂਡ ਦੇ ਪ੍ਰਧਾਨ ਮੰਤਰੀ ਕੈਟਰਿਨ ਜੈਕੌਬਸਡਾਟਿਰ, ਵਾਤਾਵਰਣ ਮੰਤਰੀ ਗੁਡਮੁੰਡੁਰ ਇਨਗੀ ਗਡਬ੍ਰਾਂਡਸਨ ਅਤੇ ਮਨੁੱਖੀ ਅਧਿਕਾਰ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਮੈਰੀ-ਰੌਬਿਨਸਨ ਨੇ ਵੀ ਪ੍ਰੋਗਰਾਮ ਵਿਚ ਹਿੱਸਾ ਲਿਆ। ਰਾਈਸ ਯੂਨੀਵਰਸਿਟੀ ਵਿਚ ਐਂਥਰੋਪੋਲਾਜੀ ਦੀ ਐਸੋਸੀਏਟ ਪ੍ਰੋਫੈਸਰ ਸਾਈਨੇਨ ਹੋਵੇ ਨੇ ਜੁਲਾਈ ਵਿਚ ਕਿਹਾ ਸੀ ਕਿ ਇਹ ਦੁਨੀਆ ਵਿਚ ਕਿਤੇ ਵੀ ਜਲਵਾਯੂ ਤਬਦੀਲੀ ਕਾਰਨ ਖਤਮ ਹੋਣ ਵਾਲੇ ਗਲੇਸ਼ੀਅਰ ਦਾ ਪਹਿਲਾ ਸਮਾਰਕ ਹੋਵੇਗਾ।

PunjabKesari

ਤਖਤੀ ਸ਼ਿਲਾਲੇਖ ਵਿਚ ਲਿਖਿਆ ਹੈ ਕਿ ''ਭਵਿੱਖ ਲਈ ਇਕ ਹੋਰ ਚਿੱਠੀ'' (A letter to the future)। ਇਸ ਦਾ ਉਦੇਸ਼ ਗਲੇਸ਼ੀਅਰਾਂ ਦੀ ਹੋ ਰਹੀ ਕਮੀ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਦੇ ਬਾਰੇ ਵਿਚ ਜਾਗਰੂਕਤਾ ਵਧਾਉਣਾ ਹੈ। ਵਿਗਿਆਨੀਆਂ ਮੁਤਾਬਕ ਅਗਲੇ 200 ਸਾਲਾਂ ਵਿਚ ਸਾਡੇ ਸਾਰੇ ਗਲੇਸ਼ੀਅਰਾਂ ਦੇ ਖਤਮ ਹੋਣ ਦੀ ਆਸ ਹੈ। ਤਖਤੀ ਵਿਚ ਲਿਖਿਆ ਹੈ,''ਇਹ ਸਮਾਰਕ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਅਸੀਂ ਜਾਣਦੇ ਹਾਂ ਕੀ ਹੋ ਰਿਹਾ ਹੈ ਅਤੇ ਹੋਰ ਕੀ ਕਰਨ ਦੀ ਲੋੜ ਹੈ।''

PunjabKesari

ਸ਼ੋਧਕਰਤਾ ਹਾਵੇ ਨੇ ਕਿਹਾ,''ਹਰ ਜਗ੍ਹਾ ਸਮਾਰਕ ਜਾਂ ਤਾਂ ਮਨੁੱਖੀ ਉਪਲਬਧੀਆਂ ਲਈ ਬਣੇ ਹੁੰਦੇ ਹਨ ਜਾਂ ਜਿਵੇਂਕਿ ਇਤਿਹਾਸਿਕ ਨੁਕਸਾਨ ਅਤੇ ਮੌਤ ਦੇ ਰੂਪ ਵਿਚ ਬਣਾਏ ਜਾਂਦੇ ਹਨ। ਇਕ ਖਤਮ ਹੋ ਚੁੱਕੇ ਗਲੇਸ਼ੀਅਰ ਲਈ ਸਮਾਰਕ ਬਣਾ ਕੇ ਅਸੀਂ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦੇ ਹਾਂ ਕਿ ਦੁਨੀਆ ਭਰ ਵਿਚ ਕੀ ਗੁੰਮ ਰਿਹਾ ਹੈ ਜਾਂ ਮਰ ਰਿਹਾ ਹੈ। ਇਸ ਦੇ ਨਾਲ ਹੀ ਇਸ ਤੱਥ 'ਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨਾ ਹੈ ਕਿ ਇਹ ਕੁਝ ਅਜਿਹਾ ਹੈ ਜਿਸ ਨੂੰ ਮਨੁੱਖਾਂ ਨੇ ਅੰਜਾਮ ਦਿੱਤਾ ਹੈ। ਭਾਵੇਂਕਿ ਇਹ ਅਜਿਹੀ ਘਟਨਾ ਨਹੀਂ ਜਿਸ 'ਤੇ ਸਾਨੂੰ ਮਾਣ ਕਰਨਾ ਚਾਹੀਦਾ ਹੈ। ਸ਼ਾਇਦ ਇਕ ਖਤਮ ਹੋਏ ਗਲੇਸ਼ੀਅਰ ਦਾ ਸਮਾਰਕ ਇਹ ਦੱਸਣ ਦਾ ਚੰਗਾ ਤਰੀਕਾ ਹੈ ਕਿ ਹੁਣ ਅਸੀਂ ਕਿਸ ਦਾ ਸਾਹਮਣਾ ਕਰ ਰਹੇ ਹਾਂ।'' ਹੋਵੇ ਅਤੇ ਉਨ੍ਹਾਂ ਦੇ ਰਾਈਸ ਯੂਨੀਵਰਸਿਟੀ ਦੇ ਸਾਥੀ ਡੋਮਿਨਿਕ ਬੋਇਰ ਮੁਤਾਬਕ,''ਆਈਸਲੈਂਡ ਵਿਚ ਹਰੇਕ ਸਾਲ ਕਰੀਬ 11 ਅਰਬ ਟਨ ਬਰਫ ਖਤਮ ਹੋ ਰਹੀ ਹੈ।'' ਵਿਗਿਆਨੀਆਂ ਨੂੰ ਡਰ ਹੈ ਕਿ ਟਾਪੂ ਦੇਸ਼ ਦੇ ਕਰੀਬ 400 ਤੋਂ ਵੱਧ ਗਲੇਸ਼ੀਅਰ ਸਾਲ 2200 ਤੱਕ ਪੂਰੀ ਤਰ੍ਹਾਂ ਖਤਮ ਹੋ ਜਾਣਗੇ।


Vandana

Content Editor

Related News