ਲੱਕੜਾਂ ਨਾਲ ਭਰੀ ਟਰੈਕਟਰ ਟਰਾਲੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ
Wednesday, Nov 12, 2025 - 07:05 PM (IST)
ਫਗਵਾੜਾ (ਸੋਨੂੰ) : ਫਗਵਾੜਾ ਦੇ ਸ਼ੂਗਰ ਮਿੱਲ ਪੁੱਲ ਹੇਠਾਂ ਇੱਕ ਵਿਅਕਤੀ ਦੀ ਲੱਕੜੀਆਂ ਨਾਲ ਭਰੀ ਟ੍ਰੈਕਟਰ ਟਰਾਲੀ ਹੇਠਾਂ ਆਉਣ ਨਾਲ ਮੌਤ ਹੋਣ ਦੀ ਸੂਚਨਾਂ ਮਿਲੀ ਹੈ। ਇਸ ਸਬੰਧੀ ਗੱਲਬਾਤ ਕਰਦਿਆ ਟ੍ਰੈਕਟਰ ਟਰਾਲੀ ਚਾਲਕ ਮਦਨ ਲਾਲ ਨੇ ਦੱਸਿਆ ਕਿ ਉਹ ਜਦੋਂ ਲੱਕੜਾ ਨਾਲ ਭਰੀ ਟ੍ਰੈਕਟਰ ਟਰਾਲੀ ਪੁੱਲ ਹੇਠਾਂ ਦੀ ਲੈ ਕੇ ਜਾ ਰਿਹਾ ਸੀ ਤਾਂ ਇੱਕ ਦਮ ਹੀ ਇੱਕ ਵਿਅਕਤੀ ਉਸ ਦੀ ਟ੍ਰੈਕਟਰ ਟਰਾਲੀ ਹੇਠਾਂ ਆ ਗਿਆ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ ਇਸ ਬਾਰੇ ਉਸ ਨੂੰ ਕੁਝ ਨਹੀਂ ਪਤਾ।
ਉਧਰ ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਦੇ ਏ.ਐੱਸ.ਆਈ ਜਤਿੰਦਰ ਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੂਗਰ ਮਿੱਲ ਹੇਠਾਂ ਹੋਏ ਵਾਪਰੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਟ੍ਰੈਕਟਰ ਟਰਾਲੀ ਚਾਲਕ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਸੋਹਨ ਲਾਲ ਵਾਸੀ ਅਕਾਲਗੜ੍ਹ ਵੱਜੋਂ ਹੋਈ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭੇਜ ਦਿੱਤਾ ਹੈ।
