ਦਿੱਲੀ ''ਚ ਹੋਏ ਧਮਾਕੇ ''ਤੇ CM ਮਾਨ ਨੇ ਜਤਾਇਆ ਦੁੱਖ, ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

Monday, Nov 10, 2025 - 10:41 PM (IST)

ਦਿੱਲੀ ''ਚ ਹੋਏ ਧਮਾਕੇ ''ਤੇ CM ਮਾਨ ਨੇ ਜਤਾਇਆ ਦੁੱਖ, ਕੀਤੀ ਉੱਚ ਪੱਧਰੀ ਜਾਂਚ ਦੀ ਮੰਗ

ਪੰਜਾਬ- ਦਿੱਲੀ 'ਚ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਲਿਖਿਆ ਕਿ ਦਿੱਲੀ ਦੇ ਲਾਲ ਕਿਲ੍ਹਾ ਨੇੜੇ ਬੰਬ ਬਲਾਸਟ ਦੀ ਦੁਖਦਾਈ ਖ਼ਬਰ ਮਿਲੀ ਹੈ। ਜਿਸ ਵਿੱਚ ਕਈ ਲੋਕਾਂ ਦੀ ਦਰਦਨਾਕ ਮੌਤ ਅਤੇ ਕਈ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਦੇਸ਼ ਦੀ ਰਾਜਧਾਨੀ 'ਚ ਵਾਪਰੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।

ਇਸ ਹਾਦਸੇ 'ਚ ਜਾਨ ਗਵਾਉਣ ਵਾਲੇ ਰਾਹਗੀਰਾਂ ਦੀ ਆਤਮਿਕ ਸ਼ਾਂਤੀ ਦੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।

ਦੱਸ ਦੇਈਏ ਕਿ ਸੋਮਵਾਰ ਨੂੰ ਯਾਨੀ ਅੱਜ ਦਿੱਲੀ ਵਿੱਚ ਲਾਲ ਕਿਲ੍ਹੇ ਦੇ ਨੇੜੇ ਇੱਕ ਆਈ-20 ਕਾਰ ਵਿੱਚ ਸ਼ਾਮ ਨੂੰ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਧਮਾਕੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖ਼ਮੀ ਹੋ ਗਏ ਹਨ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ 5-6 ਗੱਡੀਆਂ ਦੇ ਪਰਖੱਚੇ ਉੱਡ ਗਏ ਅਤੇ ਆਸ-ਪਾਸ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਧਮਾਕੇ ਕਾਰਨ ਨੇੜੇ ਦੀਆਂ ਸਟਰੀਟ ਲਾਈਟਾਂ ਵੀ ਟੁੱਟ ਗਈਆਂ। ਧਮਾਕੇ ਤੋਂ ਬਾਅਦ ਕਾਰ ਵਿੱਚ ਭਿਆਨਕ ਅੱਗ ਲੱਗ ਗਈ, ਜਿਸਦੀ ਲਪੇਟ ਵਿੱਚ 7-8 ਹੋਰ ਗੱਡੀਆਂ ਵੀ ਆ ਗਈਆਂ। ਇਹ ਧਮਾਕਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਹੋਇਆ ਹੈ। ਜ਼ਖਮੀ ਲੋਕਾਂ ਨੂੰ ਅਤੇ ਮ੍ਰਿਤਕਾਂ ਨੂੰ ਨਾਰਾਇਣ ਜੈਪ੍ਰਕਾਸ਼ ਹਸਪਤਾਲ (LNJP) ਵਿੱਚ ਲਿਜਾਇਆ ਗਿਆ ਹੈ।


author

Rakesh

Content Editor

Related News