ਸਾਨ੍ਹ ਵੱਲੋਂ ਟੱਕਰ ਮਾਰਨ ਕਾਰਨ ਜ਼ਖਮੀ ਵਿਅਕਤੀ ਦੀ ਮੌਤ

Wednesday, Nov 12, 2025 - 03:54 PM (IST)

ਸਾਨ੍ਹ ਵੱਲੋਂ ਟੱਕਰ ਮਾਰਨ ਕਾਰਨ ਜ਼ਖਮੀ ਵਿਅਕਤੀ ਦੀ ਮੌਤ

ਅਬੋਹਰ (ਸੁਨੀਲ) : ਅਬੋਹਰ ਦੇ ਸ਼੍ਰੀਗੰਗਾਨਗਰ ਰੋਡ ’ਤੇ ਸਥਿਤ ਸ਼ਿਵ ਸ਼ਾਕਿਆ ਨਗਰ ਦਾ ਇਕ ਵਿਅਕਤੀ ਇਕ ਹਫ਼ਤਾ ਪਹਿਲਾਂ ਸਾਨ੍ਹ ਦੀ ਟੱਕਰ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ ਸੀ। ਮੁੱਢਲਾ ਇਲਾਜ ਕਰਵਾਉਣ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਸ਼੍ਰੀਗੰਗਾਨਗਰ ਦੇ ਇਕ ਹਸਪਤਾਲ ਲੈ ਗਏ, ਜਿਥੇ ਸੱਤ ਦਿਨਾਂ ਦੇ ਇਲਾਜ ਤੋਂ ਬਾਅਦ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿੱਛੇ ਇਕ ਪੁੱਤਰ ਅਤੇ ਇਕ ਧੀ ਹੈ। ਉਸ ਦੀ ਲਾਸ਼ ਅੱਜ ਦੁਪਹਿਰ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਲਿਆਂਦੀ ਗਈ।

ਸਿਟੀ ਥਾਣਾ ਨੰਬਰ 2 ਦੇ ਸਹਾਇਕ ਸਬ-ਇੰਸਪੈਕਟਰ ਵਿਨੋਦ ਕੁਮਾਰ ਨੇ ਆਈ. ਪੀ. ਸੀ. ਦੀ ਧਾਰਾ 194 ਦੇ ਤਹਿਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਮ੍ਰਿਤਕ ਦੇ ਪਰਿਵਾਰ ਨੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਤੋਂ ਉਨ੍ਹਾਂ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਕਰੀਬ 46 ਸਾਲਾ ਰੌਸ਼ਨ ਲਾਲ ਪੁੱਤਰ ਬਿਸ਼ਨ ਦਯਾਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਸੀ।

5 ਨਵੰਬਰ ਦੀ ਸ਼ਾਮ ਨੂੰ ਉਹ ਕੰਮ ਤੋਂ ਪੈਦਲ ਘਰ ਵਾਪਸ ਆ ਰਿਹਾ ਸੀ ਤਾਂ ਇਲਾਕੇ ਦੇ ਨੇੜੇ ਸੜਕ ’ਤੇ ਘੁੰਮ ਰਹੇ ਇਕ ਅਵਾਰਾ ਸਾਨ੍ਹ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਉਸ ਦੀ ਦੇਖਭਾਲ ਕੀਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ। ਜਿਸ ’ਤੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸ਼੍ਰੀ ਗੰਗਾਨਗਰ ਦੇ ਜਨ ਸੇਵਾ ਹਸਪਤਾਲ ਲੈ ਗਏ, ਜਿੱਥੇ ਉਸ ਦਾ 7 ਦਿਨ ਇਲਾਜ ਚੱਲਿਆ ਅਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਅੱਜ ਦੁਪਹਿਰ ਉਸ ਦੀ ਲਾਸ਼ ਨੂੰ ਅਬੋਹਰ ਦੇ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ।
 


author

Babita

Content Editor

Related News