ਹੁਸ਼ਿਆਰਪੁਰ ਦੇ ਨੌਜਵਾਨ ਦੀ ਇਟਲੀ 'ਚ ਮੌਤ
Wednesday, May 01, 2019 - 09:47 AM (IST)

ਮਿਲਾਨ, (ਸਾਬੀ ਚੀਨੀਆ)— ਕਹਿੰਦੇ ਹਨ ਕਿ ਮੌਤ ਇਕ ਅਟੱਲ ਸੱਚਾਈ ਹੈ ਤੇ ਉਸ ਅਕਾਲ ਪੁਰਖ ਨੇ ਜਗ੍ਹਾ ਅਤੇ ਕਾਰਨ ਪਹਿਲਾਂ ਤੋਂ ਹੀ ਨਿਸ਼ਚਤ ਕੀਤੇ ਹੁੰਦੇ ਹਨ । ਅਜਿਹਾ ਹੀ ਇਕ ਭਾਣਾ ਬੀਤੇ ਦਿਨ ਇਟਲੀ ਦੀ ਰਾਜਧਾਨੀ ਨੇੜਲੇ ਕਸਬਾ ਐਪ੍ਰੀਲੀਆ ਵਿਚ ਵਾਪਰਿਆ, ਜਿੱਥੇ ਇਕ 39 ਸਾਲਾ ਪੰਜਾਬੀ ਨੌਜਵਾਨ ਬਲਰਾਮ 10 ਮਿੰਟ ਲਈ ਕਹਿ ਕੇ ਸੁੱਤਾ ਤੇ ਮੁੜ ਕਦੇ ਨਾ ਉੱਠਿਆ। ਜਦੋਂ ਬਲਰਾਮ ਆਪਣੇ ਘਰੋਂ ਛੋਟੀਆਂ-ਛੋਟੀਆਂ ਬੱਚੀਆਂ ਦੇ ਸਿਰਾਂ 'ਤੇ ਹੱਥ ਰੱਖ ਕੇ ਕੰਮ ਲਈ ਤੁਰਿਆ ਹੋਵੇਗਾ ਤਾਂ ਉਸ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਹ ਮੁੜ ਘਰ ਨਹੀਂ ਪਰਤੇਗਾ।
ਹੁਸ਼ਿਆਰਪੁਰ ਜ਼ਿਲੇ ਦੀ ਤਹਿਸੀਲ ਮੁਕੇਰੀਆਂ ਦੇ ਪਿੰਡ ਬਡਿਆਲਾ ਦਾ ਬਲਰਾਮ ਪਿਛਲੇ ਲੰਮੇ ਤੋਂ ਇਟਲੀ ਰਹਿ ਕੇ ਪਰਿਵਾਰ ਲਈ ਰੋਜ਼ੀ-ਰੋਟੀ ਕਮਾ ਰਿਹਾ ਸੀ। ਬਲਰਾਮ ਦੇ ਨਾਲ ਦੇ ਸਾਥੀ ਨੇ ਦੱਸਿਆ,''ਅਸੀਂ ਦੋਵੇਂ ਕੰਮ 'ਤੇ ਜਾਂਦੇ ਸਮੇਂ ਇਕ ਇੰਸ਼ੋਰੈਂਸ ਏਜੰਸੀ ਦੇ ਬਾਹਰ ਰੁਕੇ, ਜਿੱਥੇ ਬਲਰਾਮ ਨੂੰ ਕੰਮ ਸੀ ਪਰ ਉਸ ਨੇ ਮੈਨੂੰ ਆਖਿਆ ਕਿ ਮੇਰੀ ਸਿਹਤ ਥੋੜੀ ਢਿੱਲੀ ਲੱਗਦੀ ਹੈ। ਤੂੰ ਏਜੰਸੀ ਵਾਲਿਆਂ ਨਾਲ ਗੱਲ ਕਰ ਆ, ਤਦ ਤਕ ਮੈਂ ਗੱਡੀ 'ਚ 10 ਮਿੰਟ ਅਰਾਮ ਕਰ ਲੈਂਦਾ ਹਾਂ ਪਰ ਉਹ ਮੁੜ ਕੇ ਨਾ ਉੱਠਿਆ।'' ਬਲਰਾਮ ਆਪਣੇ ਪਿੱਛੇ ਦੋ ਮਾਸੂਮ ਬੱਚੀਆਂ ਤੇ ਪਤਨੀ ਨੂੰ ਛੱਡ ਗਿਆ ਹੈ। ਇਸ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਦੱਸਣਯੋਗ ਹੈ ਕਿ ਬਲਰਾਮ ਪਿਛਲੇ ਕਈ ਸਾਲਾਂ ਤੋਂ ਐਰੋ ਸਪੇਨ ਮਾਰਕਿਟ ਦੇ ਵੇਅਰ ਹਾਊਸ 'ਚ ਕੰਮ ਕਰਦਾ ਸੀ ਅਤੇ ਉਸ ਦੀ ਪੰਜਾਬੀ ਭਾਈਚਾਰੇ 'ਚ ਚੰਗੀ ਪਛਾਣ ਸੀ।