ਕੈਨੇਡਾ ’ਚ ਭਾਰਤੀ ਮੂਲ ਦੇ ਹਿੰਦੂਆਂ ਨੇ ਸ਼ੁਰੂ ਕੀਤੀ ਐੱਨ. ਡੀ. ਪੀ. ਅਤੇ ਜਗਮੀਤ ਦੇ ਬਾਈਕਾਟ ਦੀ ਮੁਹਿੰਮ

Wednesday, Dec 07, 2022 - 10:06 AM (IST)

ਕੈਨੇਡਾ ’ਚ ਭਾਰਤੀ ਮੂਲ ਦੇ ਹਿੰਦੂਆਂ ਨੇ ਸ਼ੁਰੂ ਕੀਤੀ ਐੱਨ. ਡੀ. ਪੀ. ਅਤੇ ਜਗਮੀਤ ਦੇ ਬਾਈਕਾਟ ਦੀ ਮੁਹਿੰਮ

ਜਲੰਧਰ (ਨਰੇਸ਼ ਕੁਮਾਰ)- ਕੈਨੇਡਾ ਵਿਚ ਖਾਲਿਸਤਾਨੀ ਏਜੰਡੇ ਦੇ ਖ਼ਿਲਾਫ਼ ਹੁਣ ਭਾਰਤੀ ਮੂਲ ਦੇ ਹਿੰਦੂਆਂ ਨੇ ਇਕਜੁੱਟ ਹੋਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕੈਨੇਡਾ ਦੀ ਸੰਸਦ ਵਿਚ ਹਿੰਦੂ ਮੈਂਬਰ ਆਫ ਪਾਰਲੀਮੈਂਟਸ ਦੀ ਗਿਣਤੀ ਆਬਾਦੀ ਦੇ ਲਿਹਾਜ਼ ਨਾਲ ਘੱਟ ਹੈ ਪਰ ਹੁਣ ਹਿੰਦੂ ਭਾਈਚਾਰੇ ਦੇ ਲੋਕ ਪ੍ਰੈਸ਼ਰ ਗਰੁੱਪ ਬਣਾ ਕੇ ਖਾਲਿਸਤਾਨੀ ਸਮਰਥਕਾਂ ’ਤੇ ਦਬਾਅ ਬਣਾਉਣ ਦਾ ਕੰਮ ਕਰ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿਚ ਅਜਿਹਾ ਦੂਸਰੀ ਵਾਰ ਹੋਇਆ ਹੈ ਜਦੋਂ ਹਿੰਦੂਆਂ ਨੇ ਸਿਆਸੀ ਤੌਰ ’ਤੇ ਸੰਗਠਿਤ ਹੋ ਕੇ ਸਰਕਾਰ ’ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਹੈ। ਪਿਛਲੇ ਮਹੀਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਪੰਨੂ ਵਲੋਂ ਖਾਲਿਸਤਾਨ ਨੂੰ ਲੈ ਕੇ ਕਰਵਾਏ ਗਏ ਰੈਫਰੈਂਡਮ ਦਾ ਭਾਰਤੀ ਮੂਲ ਦੇ ਹਿੰਦੂਆਂ ਨੇ ਖੁੱਲ੍ਹ ਕੇ ਵਿਰੋਧ ਕੀਤਾ ਸੀ ਅਤੇ ਹੁਣ ਭਾਰਤ ਨੂੰ ਜੀ-20 ਦੀ ਮੇਜ਼ਬਾਨੀ ਮਿਲਣ ’ਤੇ ਕੈਨੇਡਾ ਦੀ ਸਰਕਾਰ ਵਿਚ ਸਹਿਯੋਗੀ ਐੱਨ. ਡੀ. ਪੀ. ਵਲੋਂ ਭਾਰਤ ਦਾ ਬਾਈਕਾਟ ਕੀਤੇ ਜਾਣ ਲਈ ਕੈਨੇਡਾ ਸਰਕਾਰ ’ਤੇ ਦਬਾਅ ਬਣਾਉਣ ਤੋਂ ਬਾਅਦ ਹਿੰਦੂਆਂ ਨੇ ਕੈਨੇਡਾ ਵਿਚ ਬਾਈਕਾਟ ਐੱਨ. ਡੀ. ਪੀ. ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਐੱਨ. ਡੀ. ਪੀ. ਦੇ ਮੁਖੀ ਜਗਮੀਤ ਸਿੰਘ ਹਨ ਜੋ ਖਾਲਿਸਤਾਨ ਸਮਰਥਕ ਹਨ ਅਤੇ ਇਹ ਪਾਰਟੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦਾ ਸਮਰਥਨ ਕਰ ਰਹੀ ਹੈ ਪਰ 4 ਦਿਨ ਪਹਿਲਾਂ ਜਿਵੇਂ ਹੀ ਇਸ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ’ਤੇ ਭਾਰਤ ਵਿਚ ਹੋ ਰਹੇ ਜੀ-20 ਸੰਮੇਲਨ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਤਾਂ ਭਾਰਤੀ ਮੂਲ ਦੇ ਹਿੰਦੂਆਂ ਨੇ ਐੱਨ. ਡੀ. ਪੀ. ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਕੈਨੇਡਾ ਵਿਚ ਹਿੰਦੂਆਂ ਦੀ ਆਬਾਦੀ ਜ਼ਿਆਦਾ, ਸੰਸਦ ਮੈਂਬਰ ਘੱਟ

ਕੈਨੇਡਾ ਵਿਚ ਹਿੰਦੂਆਂ ਦੀ ਆਬਾਦੀ ਲਗਭਗ 8 ਲੱਖ, 28 ਹਜ਼ਾਰ ਹੈ ਅਤੇ ਇਹ ਕੈਨੇਡਾ ਦੀ ਕੁਲ ਆਬਾਦੀ ਦਾ 2.3 ਫੀਸਦੀ ਹੈ। ਪਿਛਲੇ 20 ਸਾਲ ਵਿਚ ਕੈਨੇਡਾ ਵਿਚ ਹਿੰਦੂਆਂ ਦੀ ਆਬਾਦੀ ਵਿਚ 1.3 ਫੀਸਦੀ ਵਾਧਾ ਹੋਇਆ ਹੈ। 2001 ਦੀ ਆਬਾਦੀ ਦੇ ਅੰਕੜਿਆਂ ਦੇ ਮੁਤਾਬਕ ਕੈਨੇਡਾ ਵਿਚ ਹਿੰਦੂਆਂ ਦੀ ਆਬਾਦੀ ਸਿਰਫ 1 ਫੀਸਦੀ ਸੀ ਅਤੇ ਇਹ 2021 ਵਿਚ ਵਧ ਕੇ 2.3 ਫੀਸਦੀ ਹੋ ਗਈ। ਕੈਨੇਡਾ ਵਿਚ ਭਾਰਤ ਦੇ ਗੁਜਰਾਤ, ਪੰਜਾਬ, ਦਿੱਲੀ, ਮਹਾਰਾਸ਼ਟਰ, ਕਰਨਾਟਕਾ ਆਦਿ ਸੂਬਿਆਂ ਦੇ ਹਿੰਦੂ ਵਸੇ ਹੋਏ ਹਨ ਇਨ੍ਹਾਂ ਤੋਂ ਇਲਾਵਾ ਨੇਪਾਲੀ ਅਤੇ ਤਮਿਲ ਹਿੰਦੂ ਵੀ ਹਨ ਅਤੇ ਇਹ ਹਿੰਦੂ ਸਿਆਸੀ ਤੌਰ ’ਤੇ ਇਕਜੁੱਟ ਨਹੀਂ ਹਨ, ਇਸੇ ਕਾਰਨ ਹਿੰਦੂਆਂ ਦੀ ਅਗਵਾਈ ਕੈਨੇਡਾ ਦੀ ਸੰਸਦ ਵਿਚ ਘੱਟ ਹੈ। ਇਸ ਦੇ ਉਲਟ ਕੈਨੇਡਾ ਵਿਚ ਸਿੱਖਾਂ ਦੀ ਆਬਾਦੀ 2.1 ਫੀਸਦੀ ਹੈ। ਪਿਛਲੇ 20 ਸਾਲਾਂ ਵਿਚ ਕੈਨੇਡਾ ’ਚ ਸਿੱਖਾਂ ਦੀ ਆਬਾਦੀ ਵੀ 1.2 ਫੀਸਦੀ ਵਧੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਹੁਣ ਵਿਆਹ ਤੋਂ ਬਾਹਰ ਸਬੰਧ ਬਣਾਉਣ 'ਤੇ ਹੋਵੇਗੀ ਸਜ਼ਾ, ਕਾਨੂੰਨ ਵਿਦੇਸ਼ੀਆਂ 'ਤੇ ਵੀ ਲਾਗੂ

2001 ਵਿਚ ਕੈਨੇਡਾ ਵਿਚ ਸਿੱਖਾਂ ਦੀ ਆਬਾਦੀ ਸਿਰਫ ਕੁਲ ਆਬਾਦੀ ਦਾ 0.9 ਫੀਸਦੀ ਸੀ। ਹਾਲਾਂਕਿ ਆਬਾਦੀ ਦੇ ਲਿਹਾਜ਼ ਨਾਲ ਸਿੱਖਾਂ ਦੀ ਗਿਣਤੀ ਹਿੰਦੂਆਂ ਦੇ ਮੁਕਾਬਲਾ ਘੱਟ ਹੈ ਪਰ ਇਨ੍ਹਾਂ ਦੀ ਆਬਾਦੀ ਜ਼ਿਆਦਾ ਹੋਣ ਅਤੇ ਸਿਆਸੀ ਤੌਰ ’ਤੇ ਸਰਗਰਮ ਹੋਣ ਕਾਰਨ ਕੈਨੇਡਾ ਦੀ ਸੰਸਦ ਵਿਚ ਇਨ੍ਹਾਂ ਦੀ ਅਗਵਾਈ ਬਹੁਤ ਵਧੀ ਹੈ। ਪਿਛਲੀਆਂ ਸੰਸਦੀ ਚੋਣਾਂ ਵਿਚ ਕੈਨੇਡਾ ਵਿਚ 16 ਪੰਜਾਬੀ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਇਨ੍ਹਾਂ ਵਿਚੋਂ ਚਾਰ ਕੈਨੇਡਾ ਦੀ ਸਰਕਾਰ ਵਿਚ ਮੰਤਰੀ ਹਨ ਜਦਕਿ ਅਨੀਤਾ ਅਨੰਦ ਦੇ ਰੂਪ ਵਿਚ ਇਕਲੌਤੀ ਹਿੰਦੂ ਮੰਤਰੀ ਹੈ।

ਪਿਛਲੇ ਮਹੀਨੇ ਕੈਨੇਡਾ ਵਿਚ ਹਿੰਦੂ ਸਮੂਹਾਂ ਨੇ ਇਕਜੁੱਟ ਹੋ ਕੇ ਬ੍ਰੈਮਪਟਨ ਅਤੇ ਮਿਸਿਸਾਗਾ ਵਿਚ ਕਰਵਾਏ ਗਏ ਖਾਲਿਸਤਾਨ ਰੈਫਰੈਂਡਮ ਖਿਲਾਫ ਮੁਹਿੰਮ ਚਲਾਈ ਸੀ ਅਤੇ ਇਸਦਾ ਰੱਜਕੇ ਵਿਰੋਧ ਕੀਤਾ ਸੀ। ਇਸ ਤੋਂ ਪਹਿਲਾਂ ਕੈਨੇਡਾ ਵਿਚ ਹਿੰਦੂ ਖੁੱਲ੍ਹੇ ਤੌਰ ’ਤੇ ਖਾਲਿਸਤਾਨੀ ਏਜੰਡੇ ਖਿਲਾਫ ਮੁਖਰ ਹੋ ਰਹੇ ਹਨ।ਹਾਲ ਹੀ ਵਿਚ ਕੈਨੇਡਾ ਵਿਚ ਮਨਾਏ ਗਏ ਹਿੰਦੂ ਹੈਰੀਟੇਜ ਮਹਾ ਦੌਰਾਨ ਵੀ ਹਿੰਦੂਆਂ ਨੂੰ ਇਕਜੁੱਟ ਹੋਣ ਦੀ ਆਵਾਜ਼ ਉੱਠੀ ਸੀ। ਕਰਨਾਟਕ ਨਾਲ ਸਬੰਧ ਰੱਖਣ ਵਾਲੇ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰਿਆ ਨੇ ਕੈਨੇਡਾ ਦੀ ਸੰਸਦ ਵਿਚ ਹਿੰਦੂ ਹੈਰੀਟੇਜ ਮੰਨੇ ਜਾਣ ਨੂੰ ਲੈ ਕੇ ਆਵਾਜ਼ ਉਠਾਈ ਸੀ ਅਤੇ ਕੈਨੇਡਾ ਵਿਚ ਪਹਿਲੀ ਵਾਰ ਹਿੰਦੂ ਹੈਰੀਟੇਜ ਮਹੀਨਾ ਮਨਾਇਆ ਜਾ ਰਿਹਾ ਹੈ।

ਜਗਮੀਤ ਬਰਾੜ ਨੇ ਆਪਣੇ ਸਿਆਸੀ ਹਿੱਤਾਂ ਲਈ ਐੱਨ. ਡੀ. ਪੀ. ਨੂੰ ਹਾਈਜੈਕ ਕਰ ਲਿਆ ਹੈ ਅਤੇ ਉਹ ਆਪਣੇ ਖਾਲਿਸਤਾਨੀ ਸਮਰਥਕ ਵੋਟਰਾਂ ਨੂੰ ਇਕਜੁੱਟ ਕਰਨ ਲਈ ਭਾਰਤ ਵਿਚ ਹੋ ਰਹੇ ਜੀ-20 ਸੰਮੇਲਨ ਦਾ ਬਾਈਕਾਟ ਕਰਨ ਲਈ ਕੈਨੇਡਾ ਦੀ ਸਰਕਾਰ ’ਤੇ ਦਬਾਅ ਬਣਾ ਰਿਹਾ ਹੈ। ਪਰ ਜਗਮੀਤ ਬਰਾੜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਕੈਨੇਡਾ ਵਰਗੇ ਦੇਸ਼ ਵਿਚ ਲੋਕਾਂ ਵਿਚ ਧਾਰਮਿਕ ਵੰਡ ਕਰ ਕੇ ਇਕ ਚੰਗਾ ਨੇਤਾ ਨਹੀਂ ਬਣ ਸਕਦਾ। ਜਗਮੀਤ ਕੈਨੇਡਾ ਵਿਚ ਸਰੇਆਮ ਉਨ੍ਹਾਂ ਲੋਕਾਂ ਨਾਲ ਘੁੰਮਦਾ ਹੈ, ਜੋ ਬਾਰਤ ਦੀਆਂ ਅਦਾਲਤਾਂ ਅਤੇ ਕਾਨੂੰਨ ਦੀ ਨਜ਼ਰ ਵਿਚ ਅਪਰਾਧੀ ਹਨ। ਇਹ ਸਾਰਾ ਡਰਾਮਾ ਖਾਲਿਸਤਾਨ ਸਮਰਥਕਾਂ ਦੀਆਂ ਵੋਟਾਂ ਨੂੰ ਇਕਜੁੱਟ ਕਰਨ ਲਈ ਹੈ ਅਤੇ ਇਸੇ ਖਿਲਾਫ ਕੈਨੇਡਾ ਵਿਚ ਰਹਿ ਰਹੇ ਭਾਰਤ ਦੇ ਹਿੰਦੂ ਆਵਾਜ਼ ਉਠਾ ਰਹੇ ਹਨ ਅਤੇ ਐੱਨ. ਡੀ. ਪੀ. ਅਤੇ ਜਗਮੀਤ ਬਰਾੜ ਦਾ ਬਾਈਕਾਟ ਕੀਤਾ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News