ਪਾਕਿ ਦੇ ਸਿੰਧ ਸੂਬੇ ''ਚ ਹਿੰਦੂ ਨਾਬਾਲਗ ਕੁੜੀ ਅਗਵਾ, ਧਰਮ ਪਰਿਵਰਤਨ ਕਰਕੇ ਕਰਾਇਆ ਵਿਆਹ
Saturday, Jun 03, 2023 - 11:16 AM (IST)
ਸਿੰਧ- ਪਾਕਿਸਤਾਨ ਦੇ ਸੂਬੇ ਸਿੰਧ ਦੇ ਜ਼ਿਲ੍ਹਾ ਥਾਰਪਾਰਕਰ ਦੇ ਪਿੰਡ ਕਨਕੀਓ ਦੀ ਰਹਿਣ ਵਾਲੀ ‘ਲੀਲਨ’ ਨਾਂ ਦੀ ਹਿੰਦੂ ਨਾਬਾਲਗ ਕੁੜੀ ਨੂੰ 24.05.2023 ਨੂੰ ਬਾਜ਼ਾਰ ਵਿੱਚੋਂ ਅਗਵਾ ਕਰ ਲਿਆ ਗਿਆ। ਉਸ ਦੇ ਪਿਤਾ ਕਰਮਚੰਦ ਮੇਘਵਾਰ ਨੇ ਦੋਸ਼ ਲਾਇਆ ਕਿ ਥਾਰਪਾਰਕਰ ਸ਼ਹਿਰ ਦੇ ਇਮਰਾਨ ਅਹਿਮਦ ਅਤੇ ਉਸ ਦੇ ਦੋਸਤਾਂ ਨੇ ਉਸ ਦੀ ਧੀ ਨੂੰ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪੁਲਸ ਨੂੰ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ।
31.05.23 ਨੂੰ ਥਾਣਾ ਥਾਰਪਾਰਕਰ ਦੇ ਪੁਲਸ ਅਧਿਕਾਰੀਆਂ ਨੇ ਲੀਲਨ ਦੇ ਪਰਿਵਾਰ ਨੂੰ ਫ਼ੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ ਅਤੇ ਹੁਣ ਉਸ ਦਾ ਵਿਆਹ 'ਨਿਆਜ਼ ਅਹਿਮਦ' ਨਾਲ ਹੋ ਗਿਆ ਹੈ ਜੋ ਇਮਰਾਨ ਅਹਿਮਦ ਦਾ ਛੋਟਾ ਭਰਾ ਹੈ। ਪਿਤਾ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਪੁਲਸ ਅਤੇ ਨਿਆਜ਼ ਦੇ ਪਰਿਵਾਰ ਵੱਲੋਂ ਮਾਮਲੇ ਨੂੰ ਅੱਗੇ ਨਾ ਵਧਾਉਣ ਜਾਂ ਇਸ ਦੇ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਹੈ।